‘ਜੰਗ ਮੰਤਰਾਲਾ’ ਵਜੋਂ ਜਾਣਿਆ ਜਾਵੇਗਾ ਪੈਂਟਾਗਨ
Saturday, Sep 06, 2025 - 04:56 PM (IST)

ਵਾਸ਼ਿੰਗਟਨ (ਏ. ਐੱਨ. ਆਈ.)- ਅਮਰੀਕਾ ਦੇ ਪੈਂਟਾਗਨ ਨੂੰ ‘ਜੰਗ ਮੰਤਰਾਲਾ’ ਅਤੇ ਰੱਖਿਆ ਮੰਤਰੀ ਨੂੰ ਜੰਗਾਂ ਬਾਰੇ ਮੰਤਰੀ ਵਜੋਂ ਜਾਣਿਆ ਜਾਵੇਗਾ। ਇਕ ਰਿਪੋਰਟ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਵਾਂ ਕਾਨੂੰਨ ਬਣਾਉਣ ਜਾ ਰਹੇ ਹਨ, ਜਿਸ ਦੇ ਤਹਿਤ ਇਹ ਦੋਵੇਂ ਨਾਂ ਬਦਲ ਦਿੱਤੇ ਜਾਣਗੇ। ਨਵਾਂ ਨਾਂ ਰੱਖਿਆ ਮੰਤਰਾਲਾ, ਇਕ ਸੈਕੰਡਰੀ ਅਹੁਦੇ ਵਜੋਂ ਵਰਤਿਆ ਜਾਵੇਗਾ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਜੰਗਾਂ ਬਾਰੇ ਮੰਤਰੀ ਦੇ ਨਾਂ ਨਾਲ ਜਾਣਿਆ ਜਾਵੇਗਾ। ਸਰਕਾਰ ਨੂੰ ਇਸ ’ਤੇ ਕਾਨੂੰਨ ਬਣਾਉਣ ਲਈ ਪਹਿਲਾਂ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਪਵੇਗੀ।
ਨਾਂ ਬਦਲਣ ਦੇ ਤਰਕ ’ਚ ਕਿਹਾ ਗਿਆ ਹੈ ਕਿ ‘ਜੰਗ ਮੰਤਰਾਲਾ’ ਨਾਂ ‘ਰੱਖਿਆ ਮੰਤਰਾਲਾ’ ਦੇ ਮੁਕਾਬਲੇ ਕਿਤੇ ਜ਼ਿਆਦਾ ਤਿਆਰੀ ਵਾਲਾ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ। ਰੱਖਿਆ ਸ਼ਬਦ ਨਾਲ ਸਿਰਫ ਰੱਖਿਆਤਮਕ ਸਮਰੱਥਾਵਾਂ ’ਤੇ ਹੀ ਧਿਆਨ ਜਾਂਦਾ ਹੈ। ਯਾਦ ਰਹੇ ਕਿ ਅਮਰੀਕੀ ਹਥਿਆਰਬੰਦ ਸੇਵਾਵਾਂ ਦੀ ਨਿਗਰਾਨੀ ਕਰਨ ਵਾਲੇ ਪੈਂਟਾਗਨ ਨੂੰ 1947 ਤੱਕ ‘ਜੰਗ ਮੰਤਰਾਲਾ’ ਹੀ ਕਿਹਾ ਜਾਂਦਾ ਸੀ।