ਮਸ਼ਹੂਰ ਵਿਗਿਆਨੀ ਦਾ ਦਾਅਵਾ, ਕੋਰੋਨਾ ਹਾਲੇ ਸ਼ੁਰੂਆਤੀ ਦੌਰ ''ਚ, ਬਦਤਰ ਸਥਿਤੀ ਆਉਣੀ ਬਾਕੀ

Wednesday, Sep 16, 2020 - 06:36 PM (IST)

ਮਸ਼ਹੂਰ ਵਿਗਿਆਨੀ ਦਾ ਦਾਅਵਾ, ਕੋਰੋਨਾ ਹਾਲੇ ਸ਼ੁਰੂਆਤੀ ਦੌਰ ''ਚ, ਬਦਤਰ ਸਥਿਤੀ ਆਉਣੀ ਬਾਕੀ

ਲੰਡਨ (ਬਿਊਰੋ): ਕੋਰੋਨਾ ਮਹਾਮਾਰੀ ਦੀ ਸਥਿਤੀ ਸਬੰਧੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਹੁਣ ਵਿਸ਼ਵ ਸਿਹਤ ਸੰਗਠਨ (WHO) ਨਾਲ ਜੁੜੇ ਦੁਨੀਆ ਦੇ ਮਸ਼ਹੂਰ ਸਿਹਤ ਮਾਹਰ ਡੇਵਿਡ ਨਾਬਰੋ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਹਾਲੇ ਸਿਰਫ ਆਪਣੇ ਸ਼ੁਰੂਆਤੀ ਦੌਰ ਵਿਚ ਹੈ, ਹਾਲੇ ਇਸ ਨਾਲੋਂ ਵੀ ਬੁਰਾ ਸਮਾਂ ਆਉਣਾ ਬਾਕੀ ਹੈ। ਡੇਵਿਡ ਦੇ ਮੁਤਾਬਕ, ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਟਲਿਆ ਨਹੀਂ ਹੈ ਅਤੇ ਇਹ ਕਾਫੀ ਖਤਰਨਾਕ ਸਥਿਤੀ ਪੈਦਾ ਕਰ ਸਕਦੀ ਹੈ। 

ਟੇਲੀਗ੍ਰਾਫ ਵਿਚ ਛਪੀ ਰਿਪੋਰਟ ਦੇ ਮੁਤਾਬਕ, ਸਿਹਤ ਮਾਹਰ ਡੇਵਿਡ ਨਾਬਰੋ  ਨੇ ਇਹ ਜਾਣਕਾਰੀ ਬ੍ਰਿਟੇਨ ਦੀ ਸੰਸਦ ਦੀ ਹਾਊਸ ਆਫ ਕਾਮਨਜ਼ ਫੌਰੇਨ ਅਫੇਅਰਸ ਕਮੇਟੀ ਨੂੰ ਦਿੱਤੀ ਹੈ ਕਿ ਫਿਲਹਾਲ ਕੋਰੋਨਾਵਾਇਰਸ ਨੂੰ ਲੈਕੇ ਚਿੰਤਾ ਮੁਕਤ ਹੋਣਾ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਡੇਵਿਡ ਨੇ ਕਿਹਾ ਕਿ ਇਹ ਸਮਾਂ ਆਰਾਮ ਨਾਲ ਸਾਹ ਲੈਣ ਦਾ ਨਹੀਂ ਸਗੋਂ ਵੱਡੀ ਤਬਾਹੀ ਲਈ ਤਿਆਰ ਰਹਿਣ ਦਾ ਹੈ। ਨਾਬਰੋ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਪ੍ਰਤੀਨਿਧੀ ਹਨ ਅਤੇ ਬ੍ਰਿਟੇਨ ਦੇ ਵੱਕਾਰੀ ਇੰਪੀਰੀਅਲ ਕਾਲਜ ਲੰਡਨ ਇੰਸਟੀਚਿਊਟ ਆਫ ਗਲੋਬਲ ਹੈਲਥ ਇਨੋਵੈਸ਼ਨ ਦੇ ਕੋ-ਡਾਇਰੈਕਟਰ ਵੀ ਹਨ। ਡੇਵਿਡ ਨੇ ਖਾਸ ਕਰ ਕੇ ਯੂਰਪ ਸਬੰਧੀ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਆਉਣ 'ਤੇ ਇੱਥੇ ਹਾਲਾਤ ਵਿਗੜ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਦਾਅਵਾ, ਅਗਲੇ 4 ਹਫਤਿਆਂ 'ਚ ਮਿਲ ਜਾਵੇਗੀ ਕੋਰੋਨਾ ਵੈਕਸੀਨ

ਡੇਵਿਡ ਨੇ ਬ੍ਰਿਟੇਨ ਦੇ ਸਾਂਸਦਾਂ ਨੂੰ ਦੱਸਿਆ ਕਿ ਕਿਉਂਕਿ ਕੋਰੋਨਾ ਵਾਇਰਸ ਬੇਕਾਬੂ ਹੋ ਗਿਆ ਸੀ ਇਸ ਲਈ ਹੁਣ ਗਲੋਬਲ ਅਰਥਵਿਵਸਥਾ ਵਿਚ ਨਾ ਸਿਰਫ ਮੰਦੀ ਸਗੋਂ ਇਸ ਦੇ ਸੁੰਗੜਨ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਕਿਸੇ ਸਾਈਂਸ ਫਿਕਸ਼ਨ ਮੂਵੀ ਨਾਲੋਂ ਵੀ ਖਰਾਬ ਸਥਿਤੀ ਹੈ। WHO ਦੇ ਵਿਸ਼ੇਸ਼ ਪ੍ਰਤੀਨਿਧੀ ਡੇਵਿਵ ਨਬਾਰੋ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਦਾਅਵੇ ਨੂੰ ਵੀ ਖਾਰਿਜ ਕੀਤਾ ਕਿ ਚੀਨ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੂੰ ਖਰੀਦ ਲਿਆ ਗਿਆ ਸੀ। ਇਸ ਲਈ ਸੰਗਠਨ ਕੋਰੋਨਾ ਮਹਾਮਾਰੀ 'ਤੇ ਸਹੀ ਕਦਮ ਚੁੱਕ ਨਹੀਂ ਸਕਿਆ। ਡੇਵਿਡ ਨੇ ਕਿਹਾ ਹੈ ਕਿ ਵਾਇਰਸ ਦੇ ਕਾਰਨ ਅਰਥਵਿਵਸਥਾ ਨੂੰ ਇੰਨਾ ਨੁਕਸਾਨ ਹੋਇਆ ਹੈ ਕਿ ਗਰੀਬਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। 

ਉਹਨਾਂ ਨੇ ਕਿਹਾ ਕਿ ਅਸੀਂ ਹਾਲੇ ਮਹਾਮਾਰੀ ਦੇ ਮੱਧ ਵਿਚ ਵੀ ਨਹੀਂ ਪਹੁੰਚੇ ਹਾਂ ਸਗੋਂ ਇਹ ਤਾਂ ਹਾਲੇ ਸ਼ੁਰੂਆਤ ਹੀ ਹੈ। ਇਸ ਤੋਂ ਪਹਿਲਾਂ WHO ਮੁਖੀ ਡਾਕਟਰ ਟੇਡ੍ਰੋਸ ਐਡਨਾ ਗੇਬੇਰੀਏਸਿਸ ਨੇ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਗਲਤ ਦਿਸ਼ਾ ਵਿਚ ਜਾ ਰਹੇ ਹਨ। ਡਾਕਟਰ ਟੇਡ੍ਰੋਸ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਰਹੇ ਹਨ ਅਤੇ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਜਿਹੜੀ ਸਾਵਧਾਨੀ ਅਤੇ ਉਪਾਆਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਬੱਚਿਆਂ 'ਤੇ ਮਹਾਮਾਰੀ ਦਾ ਸਭ ਤੋਂ ਖਤਰਨਾਕ ਅਸਰ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਜੇਕਰ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਕੋਰੋਨਾਵਾਇਰਸ ਮਹਾਮਾਰੀ ਬਦ ਤੋਂ ਬਦਤਰ ਹੁੰਦੀ ਜਾਵੇਗੀ।


author

Vandana

Content Editor

Related News