‘ਮੇਲਾ ਪੰਜਾਬਣਾਂ ਦਾ’ ਲਾਈਵ ਓਕ-ਗਰਿੱਡਲੀ ’ਚ ਚਮਕੇਗਾ ਪੰਜਾਬੀਅਤ ਦਾ ਰੰਗ

09/25/2021 11:56:06 PM

ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ) : ਪੰਜਾਬੀ ਦੁਨੀਆ ਭਰ ’ਚ ਜਿਥੇ ਵੀ ਗਏ, ਉੱਥੇ ਆਪਣੇ ਸੱਭਿਆਚਾਰ ਨੂੰ ਵੀ ਨਾਲ ਲੈ ਗਏ। ਅੱਜ ਬੇਸ਼ੱਕ ਪੱਛਮੀ ਪ੍ਰਭਾਵ ਅਤੇ ਪੰਜਾਬ ਵਿਰੋਧੀ ਸਰਕਾਰਾਂ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ ਪਰ ਵਿਦੇਸ਼ਾਂ ’ਚ ਬੈਠੇ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੁਣ ਸਾਨੂੰ ਵਿਦੇਸ਼ਾਂ ’ਚ ਰਹਿੰਦੇ ਆਪਣੇ ਸੱਭਿਆਚਾਰ ਦਾ ਹਰ ਉਹ ਰੰਗ ਮਿਲ ਰਿਹਾ ਹੈ, ਜੋ ਹੁਣ ਭਾਰਤੀ ਪੰਜਾਬ ’ਚੋਂ ਅਲੋਪ ਹੋ ਰਿਹਾ ਹੈ। ਇਸੇ ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਬੱਚਿਆਂ ਨੂੰ ਇਸ ਨਾਲ ਜੋੜਨ ਲਈ ਕੈਲੀਫੋਰਨੀਆ ਦੇ ਲਾਈਵ ਓਕ ਅਤੇ ਗਰਿੱਡਲੀ ਸ਼ਹਿਰ ਤੋਂ ਜਸਮਿੰਦਰ ਕੌਰ ਮੱਟੂ ਵੱਲੋਂ ਆਪਣੇ ਸਹਿਯੋਗੀਆਂ ਨਾਲ ਰਲ ਹਰ ਸਾਲ ਦੀ ਤਰ੍ਹਾਂ ਪੰਜਾਬੀਅਤ ਦੇ ਰੰਗ ’ਚ ਰੰਗਿਆ ‘ਮੇਲਾ ਪੰਜਾਬਣਾਂ ਦਾ 2021’ ਅਗਲੇ ਮਹੀਨੇ, 10 ਅਕਤੂਬਰ ਨੂੰ ਗਰਿੱਡਲੀ ਦੇ ਫੇਅਰ ਗਰਾਊਂਡ ’ਚ ਕਰਵਾਇਆ ਜਾ ਰਿਹਾ ਹੈ, ਜੋ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਜੋ ਪੰਜਾਬੀ ਮੁਟਿਆਰਾਂ ਵੱਲੋਂ ਤਿਆਰ ਗਿੱਧਾ, ਬੋਲੀਆਂ, ਗਾਇਕੀ, ਡਾਂਸ, ਸਕਿੱਟਾਂ ਅਤੇ ਹੋਰ ਬਹੁਤ ਕੁਝ ਮਨੋਰੰਜਨ ਦਾ ਸਾਧਨ ਹੋਵੇਗਾ।

PunjabKesari

ਇਸ ਮੇਲੇ ਵਿਸ਼ੇਸ਼ ਤੌਰ ’ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਨਾਮ ਭੁੱਲਰ ਆਪਣੇ ਗੀਤਾਂ ਨਾਲ ਰੰਗ ਬੰਨ੍ਹੇਗਾ। ਮੇਲੇ ’ਚ ਹੋਰ ਸਥਾਨਕ ਕਲਾਕਾਰਾਂ ਤੋਂ ਇਲਾਵਾ ਬੁਲੰਦ ਆਵਾਜ਼ ਦੀ ਮਾਲਕ ਗਾਇਕਾ ਜੋਤ ਰਣਜੀਤ ਵੀ ਹਾਜ਼ਰੀ ਭਰੇਗੀ। ਇਸ ਮੇਲੇ ਦੀ ਸਟੇਜ ਦਾ ਸੰਚਾਲਨ ਪੰਜਾਬੀਅਤ ਦਾ ਮਾਣ ਅਤੇ ਸਟੇਜਾਂ ਦੀ ਮੱਲਿਕਾ ਬੀਬੀ ਆਸ਼ਾ ਸ਼ਰਮਾ ਕਰੇਗੀ। ਇਸ ਤੀਆਂ ਦੇ ਮੇਲੇ ਦੌਰਾਨ ਹਾਜ਼ਰ ਮੁਟਿਆਰਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੀ ਕਾਬਲੀਅਤ ਦੇ ਆਧਾਰ ’ਤੇ 20 ਪੰਜਾਬੀ ਸੂਟ ਵੀ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ 5 ਡਾਲਰ ਦੀ ਟਿਕਟ ਦਾ ਇਕ ਰੈਂਫਲ ਵੀ ਕੱਢਿਆਂ ਜਾਵੇਗਾ, ਜਿਸ ’ਚੋਂ ਬਹੁਤ ਸਾਰੇ ਦਿਲਕਸ਼ ਇਨਾਮ ਕੱਢੇ ਜਾਣਗੇ। ਤੀਆਂ ਦੇ ਇਸ ਮੇਲੇ ਦੀ ਕੋਈ ਦਾਖਲਾ ਟਿਕਟ ਨਹੀਂ ਪਰ ਰੈਂਫਲ ਖਰੀਦਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਖਰੀਦੋ-ਫਰੋਖਤ ਲਈ ਹੋਰ ਬਹੁਤ ਸਾਰੇ ਸਟਾਲ ਲੱਗਣਗੇ। ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਵੇਗਾ।

PunjabKesari

ਇਸ ਤੀਆਂ ਦੇ ਮੇਲੇ ’ਚ ਮਰਦਾਂ ਨੂੰ ਮਨਾਹੀ ਹੋਵੇਗੀ। ਸਮੁੱਚੇ ਮੇਲੇ ਦਾ ਵੀਡੀਓ ਪ੍ਰਸਾਰਣ ‘ਪੰਜਾਬੀ ਮੀਡੀਆਂ ਯੂ. ਐੱਸ. ਏ.’ ਵੱਲੋਂ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਜਗਦੇਵ ਸਿੰਘ ਭੰਡਾਲ (ਬਿਊਰੋ ਚੀਫ ਅਮਰੀਕਾ) ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰ ਪ੍ਰਤੀ ਆਪਣੀ ਸੇਵਾ ਕਰਦੇ ਹੋਏ ਹਮੇਸ਼ਾ ਵਾਂਗ ‘ਧਾਲੀਆਂ ਐਂਡ ਮਾਛੀਕੇ ਮੀਡੀਆਂ ਯੂ. ਐੱਸ. ਏ.’ ਅਤੇ ‘ਪੀ. ਬੀ. ਨਿਊਜ਼ ਯੂ.ਐੱਸ.ਏ.’ ਵੱਲੋਂ ਦੁਨੀਆ ਭਰ ਦੇ ਮੀਡੀਏ ਰਾਹੀਂ ਸਾਂਝ ਪਾਈ ਜਾਵੇਗੀ।

PunjabKesari

ਅਜਿਹੇ ਪੰਜਾਬੀ ਸੱਭਿਆਚਾਰ ਨਾਲ ਭਰਪੂਰ ਪ੍ਰੋਗਰਾਮ ਜਿੱਥੇ ਪੰਜਾਬੀਅਤ ਦਾ ਸਿਰ ਉੱਚਾ ਕਰਦੇ, ਮਨੋਰੰਜਨ ਨਾਲ ਭਰਪੂਰ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ, ਇਨ੍ਹਾਂ ’ਚ ਸਭ ਨੂੰ ਆਪਣੀਆਂ ਮਾਵਾਂ, ਭੈਣਾਂ, ਧੀਆਂ ਅਤੇ ਬੱਚੀਆਂ ਸਮੇਤ ਸ਼ਾਮਲ ਹੋਣਾ ਚਾਹੀਦਾ ਹੈ। ਸੋ ਇਸ ‘ਮੇਲਾ ਪੰਜਾਬਣਾਂ ਦਾ’ ’ਚ ਸ਼ਾਮਲ ਹੋਣ, ਕਿਸੇ ਤਰ੍ਹਾਂ ਦੀ ਸਪਾਂਸਰਸ਼ਿਪ, ਸਟਾਲ ਲਾਉਣ ਜਾਂ ਵਧੇਰੇ ਜਾਣਕਾਰੀ ਲਈ ਮੇਲੇ ਨੂੰ ਸਮਰਪਿਤ ਮੁੱਖ ਪ੍ਰਬੰਧਕ ਬੀਬੀ ਜਸਮਿੰਦਰ ਕੌਰ ਮੱਟੂ ਨਾਲ ਫ਼ੋਨ ਨੰਬਰ (530) 301-9258 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Manoj

Content Editor

Related News