ਡੌਂਕੀ ਲਾਉਂਦੇ ਪ੍ਰਵਾਸੀਆਂ ਦੀ ਡੁੱਬੀ ਕਿਸ਼ਤੀ, 9 ਲੋਕਾਂ ਦੀ ਮੌਤ

Saturday, Sep 28, 2024 - 10:37 PM (IST)

ਮੈਡਰਿਡ (ਯੂ. ਐੱਨ. ਆਈ.) : ਸਪੇਨ ਦੇ ਐਲ ਹਿਏਰੋ ਟਾਪੂ ਨੇੜੇ ਸ਼ੁੱਕਰਵਾਰ ਰਾਤ ਨੂੰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 48 ਲਾਪਤਾ ਹੋ ਗਏ। ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ।

ਸਮੁੰਦਰੀ ਬਚਾਅ ਸੇਵਾ ਦੇ 'ਐਕਸ' ਅਕਾਊਂਟ ਮੁਤਾਬਕ, 27 ਹੋਰ ਲੋਕਾਂ ਨੂੰ ਬਚਾਇਆ ਗਿਆ ਸੀ। ਲਾਪਤਾ ਲੋਕਾਂ ਦੀ ਭਾਲ ਲਈ ਕਈ ਜਹਾਜ਼ਾਂ ਅਤੇ ਹੈਲੀਕਾਪਟਰ ਨਾਲ ਬਚਾਅ ਕਾਰਜ ਅਜੇ ਵੀ ਜਾਰੀ ਹਨ। ਸਪੇਨ ਦੇ ਜਨਤਕ ਟੀਵੀ ਨੈੱਟਵਰਕ RTVE ਨੇ ਦੱਸਿਆ ਕਿ ਕਿਸ਼ਤੀ 'ਤੇ ਸਵਾਰ ਸਾਰੇ ਲੋਕ ਪੁਰਸ਼ ਸਨ ਅਤੇ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ ਇਕ 12 ਤੋਂ 15 ਸਾਲ ਦੀ ਉਮਰ ਦੇ ਨੌਜਵਾਨ ਦੀ ਸੀ।

ਇਹ ਵੀ ਪੜ੍ਹੋ : ਹਿਜ਼ਬੁੱਲਾ ਚੀਫ ਦੀ ਮੌਤ ਤੋਂ ਘਬਰਾਇਆ ਈਰਾਨ, ਅਯਾਤੁੱਲਾ ਅਲੀ ਖਮੇਨੀ ਨੂੰ ਖ਼ੁਫ਼ੀਆ ਟਿਕਾਣੇ 'ਤੇ ਭੇਜਿਆ

ਆਰਟੀਵੀਈ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕੈਨਰੀ ਟਾਪੂ ਦੇ ਐਲ ਹਿਏਰੋ ਟਾਪੂ ਦੇ ਨੇੜੇ ਕੁੱਲ ਤਿੰਨ ਪ੍ਰਵਾਸੀ ਕਿਸ਼ਤੀਆਂ ਪਹੁੰਚੀਆਂ, ਜਿਨ੍ਹਾਂ ਵਿਚੋਂ ਇਕ ਡੁੱਬ ਗਈ ਸੀ। ਚੌਥੀ ਕਿਸ਼ਤੀ ਦੀ ਭਾਲ ਜਾਰੀ ਹੈ। ਬਚਾਅ ਟੀਮਾਂ ਅਜੇ ਤੱਕ ਉਸ ਦਾ ਪਤਾ ਨਹੀਂ ਲਗਾ ਸਕੀਆਂ ਹਨ। ਐਲ ਹਿਏਰੋ ਪਹੁੰਚੀਆਂ ਦੋ ਕਿਸ਼ਤੀਆਂ ਵਿਚ 6 ਬੱਚੇ ਅਤੇ ਚਾਰ ਨਿਆਣਿਆਂ ਸਮੇਤ ਕੁੱਲ 151 ਲੋਕ ਸਵਾਰ ਸਨ।

ਤਿੰਨ ਕਿਸ਼ਤੀਆਂ ਵਿਚ ਸਵਾਰ 10 ਲੋਕਾਂ ਨੂੰ ਡਾਕਟਰੀ ਦੇਖਭਾਲ ਲਈ ਐਲ ਹਿਏਰੋ ਦੇ ਦੱਖਣ ਵਿਚ ਲਾ ਰੈਸਟਿੰਗਾ ਬੰਦਰਗਾਹ 'ਤੇ ਭੇਜਿਆ ਗਿਆ। ਸ਼ੁੱਕਰਵਾਰ ਰਾਤ ਨੂੰ ਹੀ ਕੈਨਰੀ ਟਾਪੂ ਦੇ ਇਕ ਹੋਰ ਟਾਪੂ ਲੈਂਜ਼ਾਰੋਟ ਨੇੜੇ 57 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਬਚਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News