ਅੱਤਵਾਦ ਤੇ ਤਾਨਾਸ਼ਾਹੀ ਦੇ ਅੱਗੇ ਨਹੀਂ ਝੁਕੇਗੀ ਜਨਤਾ : ਬਿਲਾਵਲ ਭੁੱਟੋ
Wednesday, Jan 13, 2021 - 11:38 AM (IST)
ਪੇਸ਼ਾਵਰ- ਪਾਕਿਸਤਾਨ ਵਿਚ ਵਿਗੜੇ ਸਿਆਸੀ ਹਾਲਾਤ ਦਰਮਿਆਨ ਮਲਾਕੰਦ ਰੈਲੀ ਵਿਚ ਬਿਲਾਵਲ ਭੁੱਟੋ ਨੇ ਇਕ ਵਾਰ ਫਿਰ ਸਰਕਾਰ ’ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਤਵਾਦ ਤੇ ਤਾਨਾਸ਼ਾਹੀ ਅੱਗੇ ਜਨਤਾ ਝੁਕਣ ਵਾਲੀ ਨਹੀਂ ਹੈ।
ਭੁੱਟੋ ਨੇ ਕਿਹਾ ਕਿ ਇਸ ਵਿਸ਼ਾਲ ਰੈਲੀ ਵਿਚ ਆਇਆ ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਇਹ ਸਾਰੇ ਮੌਜੂਦਾ ਹਕੂਮਤ ਨੂੰ ਸੱਤਾ ਨੂੰ ਹਟਾਉਣਾ ਚਾਹੁੰਦੇ ਹਨ। ਮਲਾਕੰਦ ਦੀ ਇਸ ਰੈਲੀ ਨੇ ਸਰਕਾਰ ਖ਼ਿਲਾਫ਼ ਫੈਸਲਾ ਸੁਣਾ ਦਿੱਤਾ ਹੈ।
ਉਨ੍ਹਾਂ ਇਮਰਾਨ ਸਰਕਾਰ ਨੂੰ ਕਠਪੁਤਲੀ ਦੀ ਸਰਕਾਰ ਦੱਸਿਆ ਤੇ ਕਿਹਾ ਕਿ ਇਸ ਨੂੰ ਹਟਾ ਕੇ ਹੁਣ ਲੋਕਤੰਤਰ ਨੂੰ ਬਹਾਲ ਕਰਨਾ ਪਵੇਗਾ। ਇਸ ਦੇ ਲਈ ਦੇਸ਼ ਦੀ ਅਵਾਮ ਨੂੰ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਇਕ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ ਪਰ ਉਹ ਇਸ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ।