ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਕਰਵਾਇਆ 6ਵਾਂ ‘ਤੀਆਂ ਦਾ ਮੇਲਾ’ ਯਾਦਗਾਰੀ ਹੋ ਨਿਬੜਿਆ
Saturday, Aug 22, 2026 - 05:07 PM (IST)
ਰੋਮ (ਟੇਕ ਚੰਦ ਜਗਤਪੁਰ) — ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਟੇਕ ਚੰਦ ਜਗਤਪੁਰ ਦੀ ਸਰਪ੍ਰਸਤੀ ਹੇਠ ਕੰਪੀਤੇਲੋ, ਮਾਨਤੋਵਾ ਵਿਖੇ ਕਰਵਾਇਆ ਗਿਆ ਛੇਵਾਂ ਸ਼ਾਨਦਾਰ ‘ਤੀਆਂ ਦਾ ਮੇਲਾ’ ਆਪਣੀਆਂ ਵਿਲੱਖਣ ਪੈੜਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਵਿੱਚ ਹਰਸਿਮਰਨ ਕੌਰ ਲੈਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮਨਜੀਤ ਕੌਰ ਜਗਤਪੁਰ, ਪਰਮਿੰਦਰ ਕੌਰ ਜਗਤਪੁਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਜੱਸੀ, ਕਿਰਨ ਬਾਲਾ, ਮੋਨਾ ਘੋਤੜਾ, ਕਮਲਾਂ ਦੇਵੀ ਅਤੇ ਮਨਜਿੰਦਰ ਕੌਰ ਹਾਜ਼ਰ ਸਨ।

ਇਸ ਮੇਲੇ ਵਿੱਚ ਇਟਾਲੀਅਨ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਭਾਈਚਾਰੇ ਦੀਆਂ ਮੁਟਿਆਰਾਂ ਤੋਂ ਇਲਾਵਾ ਪੰਜਾਬੀ ਮੁਟਿਆਰਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਮੰਚ ਸੰਚਾਲਕ ਨਿਸ਼ਾ ਸ਼ਰਮਾ ਨੇ ਟਰੱਸਟ ਵੱਲੋਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ ਨੇ ਲੋਕ ਬੋਲੀਆਂ ਅਤੇ ਪੰਜਾਬੀ ਗੀਤਾਂ ’ਤੇ ਨੱਚ-ਨੱਚ ਕੇ ਇਟਲੀ ਦੀ ਧਰਤੀ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਦਿੱਤਾ। ਪੰਜਾਬੀ ਮੁਟਿਆਰਾਂ ਵੱਲੋਂ ਕੱਢੀ ਗਈ ਜਾਗੋ ਨੇ ਇਟਾਲੀਅਨ ਲੋਕਾਂ ਨੂੰ ਵੀ ਬੇਹੱਦ ਪ੍ਰਭਾਵਿਤ ਕੀਤਾ। ਇਸ ਮੌਕੇ ਮੁਟਿਆਰਾਂ ਨੇ ਗਿੱਧਾ, ਭੰਗੜਾ ਅਤੇ ਹੋਰ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ।

ਟਰੱਸਟ ਵੱਲੋਂ ਮੇਲੇ ਵਿੱਚ ਸ਼ਾਮਲ ਹੋਈਆਂ ਮੁਟਿਆਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੇਲੇ ਦੌਰਾਨ ਖਾਣ-ਪੀਣ ਦੇ ਵੱਖ-ਵੱਖ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ, ਜਿੱਥੇ ਹਾਜ਼ਰੀਨ ਨੇ ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ। ਅੰਤ ਵਿੱਚ ਮੇਲਾ ਪ੍ਰਬੰਧਕ ਪਰਮਿੰਦਰ ਕੌਰ ਨੇ ਮੇਲੇ ਵਿੱਚ ਸ਼ਾਮਲ ਹੋਈਆਂ ਸਾਰੀਆਂ ਮੁਟਿਆਰਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
