‘ਟੈਰਿਫ’ ਮੇਰਾ ਮਨਪਸੰਦ ਅੰਗਰੇਜ਼ੀ ਸ਼ਬਦ, ਇਸ ਨਾਲ 8 ਜੰਗਾਂ ਰੁਕਵਾਈਆਂ: ਟਰੰਪ
Friday, Dec 19, 2025 - 06:18 AM (IST)
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਕਿਹਾ ਕਿ ‘ਟੈਰਿਫ’ ਉਨ੍ਹਾਂ ਦਾ ਮਨਪਸੰਦ ਅੰਗਰੇਜ਼ੀ ਸ਼ਬਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸਦੀ ਮਦਦ ਨਾਲ ਉਨ੍ਹਾਂ ਆਪਣੇ ਕਾਰਜਕਾਲ ਦੇ ਪਹਿਲੇ 10 ਮਹੀਨਿਆਂ ਵਿਚ ਦੁਨੀਆ ਭਰ ਵਿਚ 8 ਜੰਗਾਂ ਰੁਕਵਾਈਆਂ।
ਟਰੰਪ ਨੇ ਆਪਣੇ ਕਾਰਜਕਾਲ ਦੇ 11 ਮਹੀਨੇ ਪੂਰੇ ਹੋਣ ’ਤੇ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਅਹੁਦਾ ਛੱਡਣ ਵੇਲੇ ਉਨ੍ਹਾਂ ਲਈ ਇਕ ਵੱਡਾ ਸੰਕਟ ਛੱਡਿਆ ਸੀ। ਟਰੰਪ ਨੇ ਅਮਰੀਕਾ ਵਿਚ ਮਹਿੰਗਾਈ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ, ਮੈਕਸੀਕੋ, ਬ੍ਰਾਜ਼ੀਲ ਅਤੇ ਭਾਰਤ ਸਮੇਤ ਕਈ ਦੇਸ਼ਾਂ ’ਤੇ ਲਾਏ ਗਏ ਟੈਰਿਫ ਨੇ ਅਮਰੀਕੀ ਅਰਥਵਿਵਸਥਾ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਟੈਰਿਫਾਂ ਨਾਲ ਅਮਰੀਕਾ ਨੇ ਉਮੀਦ ਤੋਂ ਵੱਧ ਪੈਸਾ ਕਮਾਇਆ ਹੈ।
ਇਸ ਦੌਰਾਨ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੇ ਟਰੰਪ ਦੇ ਭਾਸ਼ਣ ਦੀ ਆਲੋਚਨਾ ਕੀਤੀ। ਸੰਸਦ ਮੈਂਬਰ ਕ੍ਰਿਸ ਵੈਨ ਹੋਲੇਨ ਨੇ ਕਿਹਾ ਕਿ ਟਰੰਪ ਨੇ ਅੱਜ ਰਾਤ ਕਿੰਨੇ ਝੂਠ ਬੋਲੇ, ਇਸ ਦਾ ਹਿਸਾਬ ਰੱਖਣਾ ਮੁਸ਼ਕਲ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅਾਪਣੀ ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਰਾਸ਼ਟਰਪਤੀ ਦੇ ਭਾਸ਼ਣ ਵਿਚ ਸਿਰਫ ਇਕ ਸ਼ਬਦ ਸੁਣਾਈ ਦਿੱਤਾ-ਮੈਂ, ਮੈਂ, ਮੈਂ, ਮੈਂ, ਮੈਂ।
ਟਰੰਪ ਨੇ ਇਹ ਵੀ ਕਿਹਾ ਕਿ ਹੁਣ ਦੁਨੀਆ ਅਮਰੀਕਾ ਦਾ ਮਜ਼ਾਕ ਨਹੀਂ ਉਡਾਉਂਦੀ, ਸਗੋਂ ਉਸਦਾ ਸਤਿਕਾਰ ਕਰਦੀ ਹੈ। ਸਾਡਾ ਦੇਸ਼ ਮਜ਼ਬੂਤ ਹੈ। ਅਮਰੀਕਾ ਦਾ ਸਨਮਾਨ ਹੈ ਅਤੇ ਸਾਡਾ ਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉਭਰਿਆ ਹੈ। ਅਸੀਂ ਇਕ ਅਜਿਹੀ ਆਰਥਿਕ ਤੇਜ਼ੀ ਲਈ ਤਿਆਰ ਹਾਂ, ਜੋ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ।
