ਪਹਿਲੀ ਵਾਰ ਜਨਤਕ ਤੌਰ ''ਤੇ ਸਾਹਮਣੇ ਆਇਆ ਤਾਲਿਬਾਨ ਦਾ ਸੁਪਰੀਮ ਆਗੂ ਹੈਬਤੁੱਲਾ ਅਖੁੰਦਜ਼ਾਦਾ
Sunday, Oct 31, 2021 - 02:17 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੁਪਰੀਮ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਦੇ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅਖੁੰਦਜ਼ਾਦਾ ਨੇ ਪਹਿਲੀ ਵਾਰ ਕੰਧਾਰ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਇਹ ਉਸ ਦੀ ਪਹਿਲੀ ਜਨਤਕ ਦਿੱਖ ਸੀ। ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਦੇ ਸੁਪਰੀਮ ਲੀਡਰ ਤੋਂ ਇਲਾਵਾ ਅਖੁੰਦਜ਼ਾਦਾ ਸੁਪਰੀਮ ਕਮਾਂਡਰ ਵੀ ਹੈ।
ਅਮਰੀਕਾ ਦੋ ਦਹਾਕਿਆਂ ਵਿੱਚ ਵੀ ਅਖੁੰਦਜ਼ਾਦਾ ਦੀ ਮੌਜੂਦਗੀ ਦਾ ਪਤਾ ਨਹੀਂ ਲਗਾ ਸਕਿਆ। ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਕੁਝ ਦਿਨ ਬਾਅਦ, ਤਾਲਿਬਾਨ ਨੇ ਕਿਹਾ ਕਿ ਅਖੁੰਦਜ਼ਾਦਾ ਕੰਧਾਰ ਵਿਚ ਹੀ ਹੈ ਅਤੇ ਉਹ ਜਲਦੀ ਹੀ ਸਾਰਿਆਂ ਦੇ ਸਾਹਮਣੇ ਆਵੇਗਾ। ਤਾਲਿਬਾਨ ਦੀ ਸਰਕਾਰ ਬਣਨ ਵੇਲੇ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਅਖੁੰਦਜ਼ਾਦਾ ਸਾਹਮਣੇ ਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇੱਥੇ ਦੱਸ ਦੇਈਏ ਕਿ ਕੰਧਾਰ ਸ਼ੁਰੂ ਤੋਂ ਹੀ ਤਾਲਿਬਾਨ ਦਾ ਗੜ੍ਹ ਰਿਹਾ ਹੈ। ਤਾਲਿਬਾਨ ਦੀ ਰਣਨੀਤੀ ਇੱਥੋਂ ਹੀ ਤੈਅ ਕੀਤੀ ਜਾਂਦੀ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, ਵਿਆਹ 'ਚ ਸੰਗੀਤ ਵਜਾਉਣ 'ਤੇ 13 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਹੈਬਤੁੱਲਾ ਅਖੁੰਦਜ਼ਾਦਾ 2016 ਤੋਂ ਇਸਲਾਮਿਕ ਅੰਦੋਲਨ ਦਾ ਅਧਿਆਤਮਕ ਮੁਖੀ ਹੈ। ਉਹ ਬਹੁਤ ਘੱਟ ਜਨਤਕ ਤੌਰ 'ਤੇ ਸਾਹਮਣੇ ਆਉਂਦਾ ਹੈ। ਹਾਲਾਂਕਿ ਤਾਲਿਬਾਨ ਦੇ ਸਾਰੇ ਚੋਟੀ ਦੇ ਨੇਤਾ ਇਸੇ ਤਰ੍ਹਾਂ ਲੁਕ ਕੇ ਰਹੇ ਹਨ। ਤਾਲਿਬਾਨ ਦੀ ਸਰਕਾਰ ਦਾ ਗਠਨ ਵੀ ਉਸ ਦੀ ਇੱਛਾ ਅਧੀਨ ਕੀਤਾ ਗਿਆ ਸੀ। ਪਿਛਲੇ ਦਿਨੀਂ ਉਸ ਦੀ ਮੌਤ ਹੋ ਜਾਣ ਤੱਕ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਉਸ ਦੀ ਜਨਤਕ ਮੌਜੂਦਗੀ ਨਾਲ ਇਹ ਖਬਰਾਂ ਝੂਠੀਆਂ ਸਾਬਤ ਹੋ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਖਾੜੀ ਦੇਸ਼ਾਂ 'ਚ ਤਣਾਅ, ਸਾਊਦੀ ਦੇ ਬਾਅਦ ਹੁਣ ਕੁਵੈਤ ਅਤੇ ਯੂਏਈ ਨੇ ਵੀ ਲੇਬਨਾਨੀ ਰਾਜਦੂਤਾਂ ਨੂੰ ਕੱਢਿਆ
ਅਖੁੰਦਜ਼ਾਦਾ ਦੀ ਜਨਤਕ ਤੌਰ 'ਤੇ ਮੌਜੂਦਗੀ 'ਤੇ ਤਾਲਿਬਾਨ ਨੇ ਕਿਹਾ ਕਿ ਉਸਨੇ ਸ਼ਨੀਵਾਰ ਨੂੰ ਦਾਰੁਲ ਉਲੂਮ ਹਕੀਮਾ ਮਦਰਸੇ ਵਿੱਚ ਆਪਣੇ ਲੜਾਕਿਆਂ ਅਤੇ ਸਮਰਥਕਾਂ ਨਾਲ ਗੱਲ ਕੀਤੀ। ਇਸ ਦੌਰਾਨ ਉਸ ਦੀ ਸੁਰੱਖਿਆ ਕਾਫੀ ਸਖ਼ਤ ਸੀ। ਕਿਸੇ ਨੂੰ ਉਸਦੀ ਫੋਟੋ ਖਿੱਚਣ ਦੀ ਵੀ ਇਜਾਜ਼ਤ ਨਹੀਂ ਸੀ। ਹਾਲਾਂਕਿ ਤਾਲਿਬਾਨ ਨੇ ਯਕੀਨੀ ਤੌਰ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਸੰਬੋਧਨ ਦੀ ਇਕ ਛੋਟੀ ਆਡੀਓ ਕਲਿੱਪ ਸ਼ੇਅਰ ਕੀਤੀ ਹੈ। ਅਖੁੰਦਜ਼ਾਦਾ ਨੂੰ ਅਮੀਰੁਲ ਮੋਮਿਨਨ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਇੱਕ ਧਾਰਮਿਕ ਸੰਦੇਸ਼ ਦਿੰਦਾ ਹੈ।ਦੱਸਿਆ ਗਿਆ ਹੈ ਕਿ ਉਸ ਨੇ ਆਪਣੇ ਭਾਸ਼ਣ ਵਿੱਚ ਰਾਜਨੀਤੀ ਬਾਰੇ ਕੋਈ ਗੱਲ ਨਹੀਂ ਕੀਤੀ, ਸਗੋਂ ਤਾਲਿਬਾਨ ਲੀਡਰਸ਼ਿਪ ਲਈ ਰੱਬ ਦਾ ਆਸ਼ੀਰਵਾਦ ਮੰਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਨਾਲ ਜੰਗ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਲੜਾਕਿਆਂ ਲਈ ਪ੍ਰਾਰਥਨਾ ਕੀਤੀ। ਗੌਰਤਲਬ ਹੈ ਕਿ ਸਾਲ 2016 ਵਿੱਚ ਮੁੱਲਾ ਅਖਤਰ ਮੰਸੂਰ ਦੇ ਮਾਰੇ ਜਾਣ ਤੋਂ ਬਾਅਦ ਅਖੁੰਦਜ਼ਾਦਾ ਨੂੰ ਤਾਲਿਬਾਨ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ। ਮਨਸੂਰ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।