ਪੰਜਸ਼ੀਰ ਘਾਟੀ ਤੋਂ ਸਾਲੇਹ ਦਾ ਦਹਾੜ- ਅਫਗਾਨਿਸਤਾਨ ’ਚ ਜ਼ਿਆਦਾ ਦਿਨ ਨਹੀਂ ਚੱਲੇਗਾ ਤਾਲਿਬਾਨ ਦਾ ਸ਼ਾਸਨ
Sunday, Aug 29, 2021 - 05:11 PM (IST)

ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ਦੇ ਸਾਬਕਾ ਉਪ-ਰਾਸ਼ਟਰਪਤੀ ਅਤੇ ਸਵੈ-ਘੋਸ਼ਿਤ ਦੇਖਭਾਲ ਕਰਨ ਵਾਲੇ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਸ਼ਨੀਵਾਰ ਨੂੰ ਕਿਹਾ ਕਿ ਅਫਗਾਨਿਸਤਾਨ ’ਚ ਤਾਲਿਬਾਨ ਦਾ ਸ਼ਾਸਨ ਜ਼ਿਆਦਾ ਦਿਨ ਨਹੀਂ ਚੱਲੇਗਾ। ਇਕ ਇੰਟਰਵਿਊ ’ਚ ਪੰਜਸ਼ੀਰ ਘਾਟੀ ਤੋਂ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਤਾਲਿਬਾਨ ਦਾ ਕਾਨੂੰਨ ਇਸਲਾਮਿਕ ਅਮੀਰਾਤ ਹੈ, ਅਫਗਾਨਿਸਤਾਨ ਦੇ ਲੋਕਾਂ ਲਈ ਇਕ ਸਮੂਹ ਦੁਆਰਾ ਇਕ ਨੇਤਾ ਦੀ ਚੋਣ ਅਸਵੀਕਾਰਨਯੋਗ ਹੈ। ਤਾਲਿਬਾਨ ਸ਼ਾਸਨ ਲਈ ਅਫਗਾਨਿਸਤਾਨ ’ਚ ਲੰਬਾ ਟਿਕਣਾ ਅਸੰਭਵ ਹੈ।
ਸਾਲੇਹ ਮੁਤਾਬਕ, ਤਾਲਿਬਾਨ ਕੋਲ ਨਾ ਤਾਂ ਬਾਹਰੀ ਅਤੇ ਨਾ ਹੀ ਅੰਦਰੂਨੀ ਮਾਨਤਾ ਹੈ ਅਤੇ ਉਹ ਜਲਦ ਹੀ ਭਾਰੀ ਫੌਜੀ ਸੰਕਟ ਦਾ ਸਾਹਮਣਾ ਕਰਨਗੇ। ਪੰਜਸ਼ੀਰ ਤੋਂ ਇਲਾਵਾ ਹੋਰ ਖੇਤਰਾਂ ’ਚ ਉਨ੍ਹਾਂ ਖਿਲਾਫ ਵਿਰੋਧ ਵਧ ਰਿਹਾ ਹੈ। ਯੂਰੋ ਨਿਊਜ਼ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਕਿ ਯੂਰਪੀ ਸੰਘ ਨੂੰ ਰਾਜਨੀਤਿਕ ਅਤੇ ਨੈਤਿਕ ਰੂਪ ਨਾਲ ਅਫਗਾਨ ਰਾਸ਼ਟਰੀ ਵਿਰੋਧ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਅਤੇ ਸਮਰਥਨ ਗ੍ਰਹਿਣ ਕਰਨਾ ਚਾਹੀਦਾ ਹੈ।
ਪੰਜਸ਼ੀਰ ਦੀਆਂ ਖਤਰਨਾਕ ਘਾਟੀਆਂ ’ਚ ਤਾਲਿਬਾਨ ਅੱਤਵਾਦੀਆਂ ਨਾਲ ਲੋਹਾ ਲੈ ਰਹੇ ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ ਰਹੇ ਅਮਰੁੱਲਾਹ ਸਾਲੇਹ ਨੇ ਤਾਲਿਬਾਨੀ ਤਾਨਾਸ਼ਾਹੀ ਨੂੰ ਰੱਦ ਕਰ ਦਿੱਤਾ ਹੈ। ਸਾਲੇਹ ਨੇ ਹਾਲ ਹੀ ’ਚ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਅਫਗਾਨਿਸਤਾਨ ਤਾਲਿਬਾਨਿਸਤਾਨ ’ਚ ਬਦਲ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣ ਜਾ ਰਿਹਾ ਜੋ ਕਿ ਤਾਲਿਬਾਨ ਚਾਹੁੰਦਾ ਹੈ। ਅਸੀਂ ਗੱਲਬਾਤ ਨੂੰ ਪਸੰਦ ਕਰਦੇ ਹਾਂ ਪਰ ਇਹ ਸਾਰਥਕ ਹੋਣੀ ਚਾਹੀਦੀ ਹੈ।