ਹਿਬਤੁੱਲ੍ਹਾ ਅਖੁੰਦਜ਼ਾਦਾ ਨੂੰ ਸੁਪਰੀਮ ਕਮਾਂਡਰ ਦੇ ਅਹੁਦੇ ਤੋਂ ਹਟਾਏਗਾ ਤਾਲਿਬਾਨ! ਜਾਣੋ ਪੂਰਾ ਮਾਮਲਾ

01/31/2023 12:28:35 PM

ਕਾਬੁਲ (ਬਿਊਰੋ): ਤਾਲਿਬਾਨ ਦੇ ਸੁਪਰੀਮ ਕਮਾਂਡਰ ਹਿਬਤੁੱਲਾ ਅਖੁੰਦਜ਼ਾਦਾ ਨੂੰ ਜਲਦ ਹੀ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਅਖੁੰਦਜ਼ਾਦਾ ਨੂੰ ਲੈ ਕੇ ਤਾਲਿਬਾਨ ਦੀ ਸਿਖਰਲੀ ਲੀਡਰਸ਼ਿਪ ਵਿਚ ਜ਼ਬਰਦਸਤ ਟਕਰਾਅ ਹੈ। ਦਰਅਸਲ ਤਾਲਿਬਾਨ ਔਰਤਾਂ ਦੀ ਸਿੱਖਿਆ ਨੂੰ ਲੈ ਕੇ ਪੂਰੀ ਦੁਨੀਆ ਵਿਚ ਘਿਰਿਆ ਹੋਇਆ ਹੈ। ਤਾਲਿਬਾਨ ਦਾ ਇੱਕ ਹਿੱਸਾ ਚਾਹੁੰਦਾ ਹੈ ਕਿ ਅਫਗਾਨ ਔਰਤਾਂ ਨੂੰ ਸਿੱਖਿਆ ਦੀ ਇਜਾਜ਼ਤ ਦਿੱਤੀ ਜਾਵੇ। ਪਰ, ਸੁਪਰੀਮ ਕਮਾਂਡਰ ਅਖੁੰਦਜ਼ਾਦਾ ਨੇ ਇਸਲਾਮਿਕ ਸ਼ਾਸਨ ਅਤੇ ਸ਼ਰੀਆ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਔਰਤਾਂ 'ਤੇ ਪਾਬੰਦੀ ਦਾ ਸਮਰਥਨ ਕੀਤਾ ਹੈ। ਅਜਿਹੇ 'ਚ ਤਾਲਿਬਾਨ ਸਰਕਾਰ ਦੇ ਟੁੱਟਣ ਦਾ ਖਤਰਾ ਹੈ। ਜੇਕਰ ਤਾਲਿਬਾਨ 'ਚ ਫੁੱਟ ਪੈਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਅਫਗਾਨਿਸਤਾਨ ਦੀ ਮੌਜੂਦਾ ਕੇਅਰਟੇਕਰ ਸਰਕਾਰ 'ਤੇ ਪਵੇਗਾ।

ਬਰਾਦਰ ਬਣ ਸਕਦਾ ਹੈ ਤਾਲਿਬਾਨ ਦਾ ਨਵਾਂ ਮੁਖੀ 

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਤਾਲਿਬਾਨ ਦੇ ਅਮੀਰ-ਉਲ-ਮੋਮਿਨੀਨ ਅਹੁਦੇ 'ਤੇ ਮੌਜੂਦ ਅਖੁੰਦਜ਼ਾਦਾ ਦੀ ਥਾਂ ਜਗ੍ਹਾ ਲੈ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਹਿਬਤੁੱਲਾ ਅਖੁੰਦਜ਼ਾਦਾ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਅਜੇ ਸ਼ੁਰੂਆਤੀ ਪੜਾਅ 'ਤੇ ਹੈ। ਤਾਲਿਬਾਨ ਨੇ ਪਿਛਲੇ ਸਾਲ ਦਸੰਬਰ 'ਚ ਯੂਨੀਵਰਸਿਟੀਆਂ 'ਚ ਔਰਤਾਂ ਦੀ ਸਿੱਖਿਆ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਹੀ ਤਾਲਿਬਾਨ ਵਿੱਚ ਅੰਦਰੂਨੀ ਵਿਵਾਦ ਚੱਲ ਰਿਹਾ ਹੈ। ਤਾਲਿਬਾਨ ਦੇ ਕਈ ਸੀਨੀਅਰ ਨੇਤਾਵਾਂ ਦੇ ਪਰਿਵਾਰਾਂ ਦੀਆਂ ਕੁੜੀਆਂ ਪਾਕਿਸਤਾਨ ਸਮੇਤ ਕਈ ਖਾੜੀ ਦੇਸ਼ਾਂ 'ਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਆਤਮਘਾਤੀ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 90, ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ

ਹੱਕਾਨੀ ਅਤੇ ਯਾਕੂਬ ਵੀ ਔਰਤਾਂ ਦੀ ਆਜ਼ਾਦੀ ਚਾਹੁੰਦੇ ਹਨ

ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਅਤੇ ਰੱਖਿਆ ਮੰਤਰੀ ਮੁੱਲਾ ਮੁਹੰਮਦ ਯਾਕੂਬ ਔਰਤਾਂ ਦੀ ਸਿੱਖਿਆ 'ਤੇ ਪਾਬੰਦੀ 'ਤੇ ਅਸਹਿਮਤ ਹਨ। ਉਹ ਚਾਹੁੰਦੇ ਹਨ ਕਿ ਇਸ ਨਿਯਮ ਨੂੰ ਬਦਲਿਆ ਜਾਵੇ, ਕਿਉਂਕਿ ਜੇਕਰ ਵਿਰੋਧੀ ਧਿਰ ਵਧਦੀ ਹੈ ਤਾਂ ਤਾਲਿਬਾਨ ਸਰਕਾਰ ਦੇ ਪਲਟਣ ਦਾ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਨੇ ਇਸ ਸਬੰਧੀ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਨਾਲ ਵੀ ਗੱਲ ਕੀਤੀ ਗਈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਅਖੁੰਦਜ਼ਾਦਾ ਜ਼ੋਰ ਦੇ ਰਿਹਾ ਹੈ ਕਿ ਉਹ ਅੰਤਰਰਾਸ਼ਟਰੀ ਦਬਾਅ ਹੇਠ ਪਾਬੰਦੀ ਨੂੰ ਵਾਪਸ ਨਹੀਂ ਲਵੇਗਾ।

ਇਸ ਦੇ ਨਾਲ ਹੀ ਹੱਕਾਨੀ ਅਤੇ ਯਾਕੂਬ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨੂੰ ਅਜੇ ਵੀ ਅੰਤਰਰਾਸ਼ਟਰੀ ਸਮਰਥਨ ਦੀ ਲੋੜ ਹੈ। ਅਜਿਹੇ 'ਚ ਤਾਲਿਬਾਨ ਸਰਕਾਰ ਨੂੰ ਔਰਤਾਂ ਦੀ ਸਿੱਖਿਆ 'ਤੇ ਲੱਗੀ ਪਾਬੰਦੀ ਨੂੰ ਹਟਾਉਣਾ ਚਾਹੀਦਾ ਹੈ। ਇਸ ਨਾਲ ਬਾਹਰਲੇ ਮੁਲਕਾਂ ਦਾ ਧਿਆਨ ਅਫਗਾਨਿਸਤਾਨ ਵੱਲ ਖਿੱਚਿਆ ਜਾਵੇਗਾ ਅਤੇ ਉਹ ਮਦਦ ਹਾਸਲ ਕਰ ਸਕਣਗੇ। ਤਾਲਿਬਾਨ ਦੇ ਇਕ ਚੋਟੀ ਦੇ ਸੂਤਰ ਨੇ ਦੱਸਿਆ ਕਿ ਅਖੁੰਦਜ਼ਾਦਾ ਕੋਈ ਤਰਕਪੂਰਨ ਕਾਰਨ ਨਹੀਂ ਦੇ ਰਿਹਾ ਹੈ। ਅਜਿਹੇ 'ਚ ਤਾਲਿਬਾਨ ਦੇ ਉੱਚ ਅਧਿਕਾਰੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਸੁਪਰੀਮ ਨੇਤਾ ਨੂੰ ਅਹੁਦੇ ਤੋਂ ਕਿਵੇਂ ਬੇਦਖਲ ਕੀਤਾ ਜਾਵੇ।ਹੱਕਾਨੀ ਅਤੇ ਯਾਕੂਬ ਅਤੀਤ ਨੂੰ ਭੁਲਾ ਕੇ ਤਾਲਿਬਾਨ ਦਾ ਨਰਮ ਚਿਹਰਾ ਦੁਨੀਆ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News