ਤਾਲਿਬਾਨ ਦੇ ਹੱਕ 'ਚ ਪਾਕਿ ਦਾ ਵੱਡਾ ਬਿਆਨ, ਕੌਮਾਂਤਰੀ ਭਾਈਚਾਰੇ ਨੂੰ ਵੀ ਦਿੱਤੀ ਚਿਤਾਵਨੀ
Friday, Nov 12, 2021 - 12:21 PM (IST)
 
            
            ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੁਨੀਆ ਨਾਲ ਗੱਲਬਾਤ ਕਰਨ ਵਿਚ ਦਿਲਚਸਪੀ ਰੱਖਦਾ ਹੈ ਤਾਂ ਜੋ ਅਫ਼ਗਾਨਿਸਤਾਨ ਵਿਚ ਉਸਦੀ ਸਰਕਾਰ ਨੂੰ ਮਾਨਤਾ ਮਿਲੇ। ਨਾਲ ਹੀ, ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਚਿਤਾਵਨੀ ਦਿੱਤੀ ਕਿ ਉਹ ਪਿਛਲੀਆਂ ਗਲਤੀਆਂ ਨੂੰ ਨਾ ਦੋਹਰਾਉਣ, ਜਦੋਂ ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਨਾਲ ਨਾਲ ਕਈ ਸਮੱਸਿਆਵਾਂ ਖੜੀਆਂ ਹੋ ਗਈਆਂ ਸਨ।
ਇਹ ਵੀ ਪੜ੍ਹੋ : ਅਮਰੀਕਾ ’ਚ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਨੂੰ ਹੋਈ ਉਮਰ ਕੈਦ

ਅਫ਼ਗਾਨਿਸਤਾਨ ’ਤੇ ਟ੍ਰੋਈਕਾ ਪਲੱਗ ਬੈਠਕ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਕੁਰੈਸ਼ੀ ਨੇ ਕੌਮਾਂਤਰੀ ਭਾਈਚਾਰੇ ਨਾਲ ਵਿੱਤੀ ਸੋਮਿਆਂ ਦੀ ਕਮੀ ਕਾਰਨ ਮਨੁੱਖੀ ਬਿਪਦਾ ਤੋਂ ਬਚਣ ਲਈ ਅਫ਼ਗਾਨਿਸਤਾਨ ਦੀ ਤੁਰੰਤ ਮਦਦ ਕਰਨ ਦੀ ਬੇਨਤੀ ਕੀਤੀ। ਮੀਟਿੰਗ ਵਿਚ ਚੀਨ, ਰੂਸ ਅਤੇ ਅਮਰੀਕਾ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਪਾਕਿਸਤਾਨ ਗੁਆਂਢੀ ਦੇਸ਼ ਅਫ਼ਗਾਨਿਸਤਾਨ ਦੀ ਸਥਿਤੀ ’ਤੇ ਚਰਚਾ ਕਰਨ ਲਈ ਇਸਲਾਮਾਬਾਦ ਵਿਚ ਇਨ੍ਹਾਂ ਦੇਸ਼ਾਂ ਦੇ ਸੀਨੀਅਰ ਡਿਪਲੋਮੈਟਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਕੁਰੈਸ਼ੀ ਨੇ ਕੌਮਾਂਤਰੀ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਅਫ਼ਗਾਨਿਸਤਾਨ ਬਰਬਾਦ ਹੋਣ ਕੰਢੇ ਹੈ, ਇਥੋਂ ਤੱਕ ਕਿ ਉਹ ਤਨਖ਼ਾਹ ਵੀ ਨਹੀਂ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਅਕਾਲ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਜਿਸ ਨਾਲ ਸਰਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਇਸ ਲਈ ਇਹ ਅਹਿਮ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਐਮਰਜੈਂਸੀ ਆਧਾਰ ’ਤੇ ਮਦਦ ਪ੍ਰਦਾਨ ਕਰਨੀ ਚਾਹੀਦੀ ਹੈ।

ਕੁਰੈਸ਼ੀ ਨੇ ਕਿਹਾ ਕਿ ਤਾਲਿਬਾਨ ਦੁਨੀਆ ਨਾਲ ਗੱਲਬਾਤ ਵਿਚ ਦਿਲਚਸਪੀ ਰੱਖਦਾ ਹੈ ਤਾਂ ਕਿ ਉਸ ਦੀ ਸਰਕਾਰ ਨੂੰ ਮਾਨਤਾ ਦਿੱਤੀ ਜਾ ਸਕੇ। ਕੁਰੈਸ਼ੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਦੀਆਂ ਜਾਇਦਾਦਾਂ ਨੂੰ ਮੁਕਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਵਿਚ ਮਦਦ ਕਰੇਗਾ ਅਤੇ ਅਫ਼ਗਾਨਿਸਤਾਨ ਦੀ ਸਰਕਾਰ ਦੀ ਮਦਦ ਕਰੇਗਾ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਅਮਰੀਕਾ ਨੇ ਅਫ਼ਗਾਨ ਕੇਂਦਰੀ ਬੈਂਕ ਦੀ 9 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ‘ਟ੍ਰੋਇਕਾ ਪਲੱਸ’ ਬੈਠਕ ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਲਈ ਮਦਦਗਾਰ ਹੋਵੇਗੀ ਅਤੇ ਦੇਸ਼ ਦੀ ਧਰਤੀ ਤੋਂ ਅੱਤਵਾਦੀਆਂ ਨੂੰ ਖ਼ਤਮ ਕਰਨ ਵਿਚ ਭੂਮਿਕਾ ਨਿਭਾਏਗੀ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ 15 ਅਗਸਤ ਤੋਂ ਤਾਲਿਬਾਨ ਸ਼ਾਸਨ ਦੇ ਅਧੀਨ ਹੈ। ਉਸ ਸਮੇਂ ਤਾਲਿਬਾਨ ਨੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਸ਼ਰਨ ਲੈਣ ਲਈ ਮਜ਼ਬੂਰ ਕਰ ਦਿੱਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            