ਪਾਕਿਸਤਾਨ ਨੇ ਕੀਤੀ ਪੁਸ਼ਟੀ, ਤਾਲਿਬਾਨ ਦਾ ਹੈ ਅਫਗਾਨ ਦੇ ਸਰਹੱਦੀ ਸ਼ਹਿਰ ’ਤੇ ਕੰਟਰੋਲ
Friday, Jul 16, 2021 - 02:15 PM (IST)
ਇਸਲਾਮਾਬਾਦ (ਬਿਊਰੋ)– ਪਾਕਿਸਤਾਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਦਾ ਅਫਗਾਨ ਦੇ ਇਕ ਪ੍ਰਮੁੱਖ ਸਰਹੱਦੀ ਸ਼ਹਿਰ ’ਤੇ ਕੰਟਰੋਲ ਸੀ। ਪਾਕਿਸਤਾਨ ਆਬਜ਼ਰਵਰ ਦੇ ਹਵਾਲੇ ਤੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਹਿਦ ਹਫੀਜ਼ ਚੌਧਰੀ ਨੇ ਕਿਹਾ, ‘ਉਨ੍ਹਾਂ ਨੇ ਸਪਿਨ ਬੋਲਡਕ ਸਰਹੱਦ ਕ੍ਰਾਸਿੰਗ ’ਤੇ ਕੰਟਰੋਲ ਲੈ ਲਿਆ ਹੈ।’
ਇਹ ਤਾਲਿਬਾਨ ਦੇ ਇਸ ਦਾਅਵੇ ਦੇ ਇਕ ਦਿਨ ਬਾਅਦ ਆਇਆ ਹੈ ਜਦੋਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਯੁੱਧ ਦਾ ਸ਼ਿਕਾਰ ਦੇਸ਼ ’ਚ ਇਕ ਹਮਲੇ ਦੇ ਹਿੱਸੇ ਦੇ ਰੂਪ ’ਚ ਸਰਹੱਦੀ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਲਿਬਾਨ ਨੇ ਦੱਖਣੀ ਕੰਧਾਰ ਸੂਬੇ ’ਚ ਪਾਕਿਸਤਾਨ ਨਾਲ ਲੱਗਣ ਵਾਲੀ ਇਕ ਮੁੱਖ ਸਰਹੱਦ ’ਤੇ ਕਬਜ਼ਾ ਕਰ ਲਿਆ ਹੈ।
ਕ੍ਰਾਸਿੰਗ ਅਫਗਾਨਿਸਤਾਨ ਦੇ ਸਭ ਤੋਂ ਰੁੱਝੇ ਐਂਟਰੀ ਪੁਆਇੰਟਾਂ ’ਚੋਂ ਇਕ ਹੈ ਤੇ ਇਸ ਦੇ ਦੱਖਣ–ਪੱਛਣੀ ਖੇਤਰ ਤੇ ਪਾਕਿਸਤਾਨੀ ਬੰਦਰਗਾਹਾਂ ਵਿਚਾਲੇ ਮੁੱਖ ਕਨੈਕਸ਼ਨ ਹੈ। ਕਈ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਸਮੂਹ ਨੇ ਅਫਗਾਨ ਸ਼ਹਿਰ ਵੇਸ਼ ਤੇ ਪਾਕਿਸਤਾਨੀ ਸ਼ਹਿਰ ਚਮਨ ਵਿਚਾਲੇ ਸਰਹੱਦ ਪਾਰ ਕਰਨ ਵਾਲੇ ਗੇਟ ਦੇ ਉੱਪਰੋਂ ਅਫਗਾਨ ਝੰਡਾ ਉਤਾਰ ਦਿੱਤਾ ਸੀ।
ਤਾਲਿਬਾਨ ਦੇ ਬੁਲਾਰੇ ਨੇ ਵੀ ਟਵਿਟਰ ’ਤੇ ਕ੍ਰਾਸਿੰਗ ’ਤੇ ਕਬਜ਼ਾ ਕਰਨ ਦਾ ਐਲਾਨ ਕੀਤਾ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਨੇ ਪਸ਼ਤੋ ’ਚ ਟਵੀਟ ਕੀਤਾ, ‘ਬੋਲਡਕ ਤੇ ਚਮਨ ਵਿਚਾਲੇ ਮਹੱਤਵਪੂਰਨ ਸੜਕ ਤੇ ਰੀਤੀ-ਰਿਵਾਜ਼ ਮੁਜ਼ਾਹਿਦੀਨ ਦੇ ਕੰਟਰੋਲ ’ਚ ਆ ਗਏ। ਇਸਲਾਮਿਕ ਅਮੀਰਾਤ ਨੇ ਸ਼ਹਿਰ ਦੇ ਸਾਰੇ ਵਪਾਰੀਆਂ ਤੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਜਾਵੇਗੀ।’
ਅੱਤਵਾਦੀ ਸਮੂਹ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਨਾਲ ਇਕ ਸਮਝੌਤੇ ’ਤੇ ਪਹੁੰਚਣ ਤੋਂ ਬਾਅਦ ਉਹ ਯਾਤਰਾ ਮੁੜ ਸ਼ੁਰੂ ਕਰਨਗੇ ਤੇ ਮਾਰਗ ’ਤੇ ਆਵਾਜਾਈ ਸ਼ੁਰੂ ਕਰਨਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।