ਤਾਲਿਬਾਨ ਨੂੰ ਅੱਤਵਾਦੀ ਸੰਗਠਨ ਕਰਾਰ ਦੇਣ ਦੀ ਉੱਠੀ ਮੰਗ, US ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ
Saturday, Sep 18, 2021 - 01:36 PM (IST)
ਵਾਸ਼ਿੰਗਟਨ— ਅਮਰੀਕਾ ਵਿਚ ਤਾਲਿਬਾਨ ਖ਼ਿਲਾਫ਼ ਆਵਾਜ਼ਾਂ ਉਠ ਰਹੀਆਂ ਹਨ। ਇਸ ਕ੍ਰਮ ਵਿਚ ਇੱਥੇ ਚਾਰ ਸੰਸਦ ਮੈਂਬਰਾਂ ਨੇ ਮਿਲ ਕੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਚਿੱਠੀ ਲਿਖੀ ਹੈ। ਇਸ ’ਚ ਚਿੱਠੀ ’ਚ ਅਪੀਲ ਕੀਤੀ ਗਈ ਹੈ ਕਿ ਤਾਲਿਬਾਨ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾਵੇ। ਇਹ ਚਾਰ ਸੰਸਦ ਮੈਂਬਰ ਹਨ- ਰਿਕ ਸਕਾਟ, ਡੈਨ ਸਲਵਨ, ਟਾਮੀ ਟਿਊਬਰਵਿਲੇ ਅਤੇ ਜਾਨੀ ਕੇ ਅਨਸਰਟ।
ਬਲਿੰਕਨ ਨੂੰ ਲਿਖੀ ਚਿੱਠੀ ਵਿਚ ਅਨਸਰਟ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਲਿਖਿਆ ਕਿ ਅਫ਼ਗਾਨਿਸਤਾਨ ’ਤੇ ਫਿਰ ਤੋਂ ਕੰਟਰੋਲ ਕਰਨ ਮਗਰੋਂ ਤਾਲਿਬਾਨ ਨੇ ਮੁੜ ਤੋਂ ਜਾਨਲੇਵਾ ਅਤੇ ਦਮਨਕਾਰੀ ਆਦਤਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਨੇ ਹੱਕਾਨੀ ਨੈੱਟਵਰਕ ਦੇ ਨੇਤਾ ਅਤੇ ਅਮਰੀਕੀ ਨਾਗਰਿਕਾਂ ਦੇ ਕਤਲ ਲਈ ਐੱਫ. ਬੀ. ਆਈ. ਵਲੋਂ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਨੂੰ ਕੈਬਨਿਟ ਮੰਤਰੀ ਦੇ ਰੂਪ ’ਚ ਨਿਯੁਕਤ ਕੀਤਾ। ਅੱਤਵਾਦੀ ਸੰਗਠਨਾਂ ਨੂੰ ਸਰਕਾਰ ’ਚ ਸ਼ਾਮਲ ਹੋਣ ਦੀ ਆਗਿਆ ਦਿੱਤੀ।
ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਅਫ਼ਗਾਨਿਸਤਾਨ ਦੀ ਤਾਲਿਬਾਨ ਅਗਵਾਈ ਵਾਲੀ ਸਰਕਾਰ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਖ਼ਿਲਾਫ਼ ਵੀ ਪਾਬੰਦੀ ਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਵਲੋਂ ਅਫ਼ਗਾਨਿਸਤਾਨ ਤੋਂ ਫ਼ੌਜ ਦੀ ਵਾਪਸੀ ਨਾਲ ਉਹ ਦੇਸ਼ ਉਨ੍ਹਾਂ ਅੱਤਵਾਦੀਆਂ ਲਈ ਸੁਰੱਖਿਅਤ ਸ਼ਰਨਸਥਲੀ ਬਣ ਰਿਹਾ ਹੈ, ਜੋ ਅਮਰੀਕਾ ਨਾਲ ਨਫ਼ਰਤ ਕਰਦੇ ਹਨ।