ਤਾਲਿਬਾਨ ਦਾ ਨਵਾਂ ਫਰਮਾਨ, ਇਸ ਸ਼ਰਤ ਨਾਲ ਕੁੜੀਆਂ ਨੂੰ ''ਪੜ੍ਹਨ'' ਦੀ ਦਿੱਤੀ ਇਜਾਜ਼ਤ

09/12/2021 5:54:18 PM

ਕਾਬੁਲ (ਭਾਸ਼ਾ) ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਸੱਤਾ 'ਤੇ ਕਾਬਿਜ਼ ਹੋਣ ਮਗਰੋਂ ਕੁੜੀਆਂ ਦੀ ਸਿੱਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਬਣੀ ਨਵੀਂ ਤਾਲਿਬਾਨ ਸਰਕਾਰ ਦੇ ਉੱਚ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਕੁੜੀਆਂ ਪੋਸਟ ਗ੍ਰੈਜੁਏਟ ਪੱਧਰ ਸਮੇਤ ਯੂਨੀਵਰਸਿਟੀਆਂ ਵਿਚ ਹਰ ਪੱਧਰ 'ਤੇ ਪੜ੍ਹ ਸਕਦੀਆਂ ਹਨ। ਇਹ ਜ਼ਰੂਰੀ ਹੈ ਕਿ ਕਲਾਸਾਂ ਲਿੰਗੀ ਆਧਾਰ 'ਤੇ ਵੰਡੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਸਲਾਮੀ ਪਹਿਰਾਵਾ ਪਾਉਣਾ ਲਾਜ਼ਮੀ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ - ਕੱਟੜਪੰਥੀ ਹਿੰਸਾ ਨੂੰ ਰੋਕਣ ਲਈ ਸਕੂਲੀ ਸਿੱਖਿਆ ਮਹੱਤਵਪੂਰਨ : ਪੋਪ ਫ੍ਰਾਂਸਿਸ

ਮੰਤਰੀ ਅਬਦੁੱਲ ਬਕੀ ਹੱਕਾਨੀ ਨੇ ਐਤਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਇਹਨਾਂ ਨਵੀਂ ਨੀਤੀਆਂ ਦੀ ਰੂਪ ਰੇਖਾ ਪੇਸ਼ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੇ ਪੂਰਨ ਤਾਲਿਬਾਨ ਸਰਕਾਰ ਦੇ ਗਠਨ ਦੀ ਘੋਸ਼ਣਾ ਕੀਤੀ ਸੀ, ਜਿਸ ਵਿਚ ਇਕ ਵੀ ਬੀਬੀ ਸ਼ਾਮਲ ਨਹੀਂ ਹੈ। ਦੁਨੀਆ ਦੀ ਇਸ ਤੱਥ 'ਤੇ ਕਰੀਬੀ ਨਜ਼ਰ ਹੈ ਕਿ 1990 ਦੇ ਦਹਾਕੇ ਦੇ ਅੰਤ ਵਿਚ ਪਹਿਲੀ ਵਾਰ ਸੱਤਾ ਵਿਚ ਆਉਣ ਵਾਲਾ ਤਾਲਿਬਾਨ ਹੁਣ ਕਿਸ ਹੱਦ ਤੱਕ ਵੱਖਰੇ ਢੰਗ ਨਾਲ ਕੰਮ ਕਰ ਸਕਦਾ ਹੈ। ਉਸ ਸਮੇਂ ਕੁੜੀਆਂ ਅਤੇ ਬੀਬੀਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਿਆ ਗਿਆ ਸੀ ਅਤੇ ਜਨਤਕ ਜੀਵਨ ਤੋਂ ਬਾਹਰ ਰੱਖਿਆ ਗਿਆ ਸੀ। ਤਾਲਿਬਾਨ ਨੇ ਕਿਹਾ ਹੈ ਕਿ ਉਹ ਬਦਲ ਗਿਆ ਹੈ ਜਿਸ ਵਿਚ ਬੀਬੀਆਂ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਵੀ ਸ਼ਾਮਲ ਹੈ। ਭਾਵੇਂਕਿ ਉਸ ਨੇ ਹਾਲ ਹੀ ਦੇ ਦਿਨਾਂ  ਵਿਚ ਸਮਾਨ ਅਧਿਕਾਰਾਂ ਦੀ ਮੰਗ ਕਰ ਰਹੀਆਂ ਪ੍ਰਦਰਸ਼ਨਕਾਰੀ ਬੀਬੀਆਂ ਖ਼ਿਲਾਫ਼ ਹਿੰਸਾ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਦੀ ਅੱਧੀ ਤੋਂ ਵੱਧ ਆਬਾਦੀ ਤਾਲਿਬਾਨ ਸ਼ਾਸਨ ਦੇ ਪੱਖ 'ਚ

ਹੱਕਾਨੀ ਨੇ ਕਿਹਾ,''ਤਾਲਿਬਾਨ 20 ਸਾਲ ਪਿੱਛੇ ਨਹੀਂ ਜਾਣਾ ਚਾਹੁੰਦਾ। ਅਸੀਂ ਅੱਜ ਜੋ ਵੀ ਹਾਂ ਉਸ 'ਤੇ ਅੱਗੇ ਵੱਧਣਾ ਸ਼ੁਰੂ ਕਰਾਂਗੇ।'' ਭਾਵੇਂਕਿ ਯੂਨੀਵਰਸਿਟੀ ਦੀਆਂ ਵਿਦਿਆਰਥਣ ਬੀਬੀਆਂ ਨੂੰ ਤਾਲਿਬਾਨ ਦੀਆਂ ਕੁਝ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿਚ ਲਾਜ਼ਮੀ ਡਰੈੱਸ ਕੋਡ ਵੀ ਸ਼ਾਮਲ ਹੋਵੇਗਾ।ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਵਿਦਿਆਰਥਣ ਕੁੜੀਆਂ ਲਈ ਹਿਜਾਬ ਪਾਉਣਾ ਜ਼ਰੂਰੀ ਹੋਵੇਗਾ ਪਰ ਇਸ ਬਾਰੇ ਵਿਸਥਾਰ ਨਹੀਂ ਦੱਸਿਆ ਕਿ ਇਸ ਦਾ ਮਤਲਬ ਸਿਰਫ ਸਿਰ 'ਤੇ ਸਕਾਰਫ ਪਾਉਣਾ ਹੈ ਜਾਂ ਇਸ ਵਿਚ ਚਿਹਰਾ ਢੱਕਣਾ ਵੀ ਲਾਜ਼ਮੀ ਹੋਵੇਗਾ। ਉਹਨਾਂ ਨੇ ਕਿਹਾ ਕਿ ਲਿੰਗੀ ਵੰਡ ਵੀ ਲਾਗੂ ਹੋਵੇਗੀ। 
 

ਉਹਨਾਂ ਨੇ ਕਿਹਾ,''ਅਸੀਂ ਮੁੰਡੇ ਅਤੇ ਕੁੜੀਆਂ ਨੂੰ ਇਕੱਠੇ ਪੜ੍ਹਨ ਦੀ ਇਜਾਜ਼ਤ ਨਹੀਂ ਦੇਵਾਂਗੇ। ਨਾਲ ਹੀ ਕਿਹਾ ਕਿ ਅਸੀਂ ਸਹਿ-ਸਿੱਖਿਆ ਦੀ ਇਜਾਜ਼ਤ ਨਹੀਂ ਦੇਵਾਂਗੇ।'' ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਕਿਹੜੇ ਵਿਸ਼ੇ ਪੜ੍ਹਾਏ ਜਾਣਗੇ, ਉਸ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਸਲਾਮ ਦੀ ਸਖ਼ਤ ਵਿਆਖਿਆ ਕਰਨ ਵਾਲੇ ਤਾਲਿਬਾਨ ਨੇ ਪਿਛਲੀ ਵਾਰ ਆਪਣੇ ਸ਼ਾਸਨ ਦੌਰਾਨ ਕਲਾ ਅਤੇ ਸੰਗੀਤ 'ਤੇ ਪਾਬੰਦੀ ਲਗਾ ਦਿੱਤੀ ਸੀ।


Vandana

Content Editor

Related News