ਸੀਰੀਆ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜੇ, ਦਮਿਸ਼ਕ 'ਚ ਦਾਖਲ ਹੋਏ ਵਿਦਰੋਹੀ
Sunday, Dec 08, 2024 - 10:23 AM (IST)
ਦਮਿਸ਼ਕ (ਭਾਸ਼ਾ)- ਸੀਰੀਆ 'ਚ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਸੀਰੀਆ ਦੀ ਫੌਜ ਕਮਜ਼ੋਰ ਪੈ ਰਹੀ ਹੈ ਅਤੇ ਲੜਾਕੇ ਇਕ ਤੋਂ ਬਾਅਦ ਇਕ ਸ਼ਹਿਰਾਂ 'ਤੇ ਕਬਜ਼ਾ ਕਰ ਰਹੇ ਹਨ। ਬਾਗੀਆਂ ਨੇ ਮੁੱਖ ਸ਼ਹਿਰ ਹੋਮਸ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਦਮਿਸ਼ਕ ਵੱਲ ਵਧ ਰਹੇ ਹਨ। ਖ਼ਬਰ ਹੈ ਕਿ ਦਮਿਸ਼ਕ 'ਤੇ ਵੀ ਬਾਗੀ ਫੌਜ ਨੇ ਕਬਜ਼ਾ ਕਰ ਲਿਆ ਹੈ। ਬਾਗੀ ਕਮਾਂਡਰ ਆਪਣੀਆਂ ਤੋਪਾਂ ਅਤੇ ਸਾਜ਼ੋ-ਸਾਮਾਨ ਲੈ ਕੇ ਦਮਿਸ਼ਕ ਪਹੁੰਚ ਗਏ ਹਨ। ਸਥਾਨਕ ਸ਼ਹਿਰ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਕਈ ਥਾਵਾਂ 'ਤੇ ਕਬਜ਼ਾ ਕਰਨ ਲਈ ਭਿਆਨਕ ਲੜਾਈ ਚੱਲ ਰਹੀ ਹੈ। ਕਈ ਥਾਵਾਂ 'ਤੇ ਗੋਲੀਬਾਰੀ ਹੋ ਰਹੀ ਹੈ।
ਰਾਸ਼ਟਰਪਤੀ ਅਸਦ ਦੇਸ਼ ਛੱਡ ਕੇ ਭੱਜੇ
ਨਿਊਜ਼ ਏਜੰਸੀ ਰਾਇਟਰਜ਼ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਬਸ਼ਰ ਅਲ-ਅਸਦ ਵਿਸ਼ੇਸ਼ ਜਹਾਜ਼ ਰਾਹੀਂ ਕਿਸੇ ਅਣਜਾਣ ਮੰਜ਼ਿਲ ਲਈ ਰਵਾਨਾ ਹੋ ਗਏ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਰਾਮੀ ਅਬਦੁਰਰਹਿਮਾਨ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਅਸਦ ਐਤਵਾਰ ਤੜਕੇ ਦਮਿਸ਼ਕ ਤੋਂ ਰਵਾਨਾ ਹੋਏ। ਅਬਦੁਰਰਹਿਮਾਨ ਨੇ ਇਹ ਜਾਣਕਾਰੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਸੀਰੀਆ ਦੇ ਬਾਗੀਆਂ ਨੇ ਦਮਿਸ਼ਕ 'ਚ ਦਾਖਲ ਹੋਣ ਦਾ ਐਲਾਨ ਕੀਤਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਪਰਿਵਾਰ ਪਹਿਲਾਂ ਹੀ ਦੇਸ਼ ਛੱਡ ਗਿਆ ਹੈ। ਉਸ ਦੀ ਪਤਨੀ, ਬੱਚੇ ਅਤੇ ਉਸ ਦੇ ਦੋ ਸਾਲੇ ਰੂਸ ਚਲੇ ਗਏ ਹੋਏ ਹਨ। ਰਾਜਧਾਨੀ ਦੇ ਵਸਨੀਕਾਂ ਨੇ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ। ਸੀਰੀਆ ਦੀ ਸਰਕਾਰ ਵੱਲੋਂ ਇਸ ਸਬੰਧ ਵਿੱਚ ਤੁਰੰਤ ਕੋਈ ਬਿਆਨ ਨਹੀਂ ਆਇਆ।
ਦੂਜੇ ਪਾਸੇ ਦਮਿਸ਼ਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਹੈ। ਰਾਸ਼ਟਰਪਤੀ ਬਸ਼ਰ ਅਲ-ਅਸਦ ਤੋਂ ਸੱਤਾ ਖੋਹਣ ਦੇ ਡਰੋਂ, ਉਸ ਦੇ ਵਫ਼ਾਦਾਰ ਦੇਸ਼ ਛੱਡਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਹਮਾ, ਅਲੇਪੋ ਅਤੇ ਦਾਰਾ 'ਤੇ ਕਬਜ਼ਾ ਕਰਨ ਤੋਂ ਬਾਅਦ ਹੋਮਸ ਵਿਦਰੋਹੀਆਂ ਦੁਆਰਾ ਕਬਜ਼ਾ ਕੀਤਾ ਗਿਆ ਚੌਥਾ ਵੱਡਾ ਸ਼ਹਿਰ ਹੈ। ਜੋ ਵੀਡਿਓ ਸਾਹਮਣੇ ਆਈਆਂ ਹਨ, ਉਹ ਸ਼ਹਿਰ 'ਤੇ ਕਬਜ਼ੇ ਦੀ ਕਹਾਣੀ ਬਿਆਨ ਕਰ ਰਹੀਆਂ ਹਨ। ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਮੁੱਖ ਸ਼ਹਿਰ ਹੋਮਸ 'ਤੇ ਕੰਟਰੋਲ ਲਈ ਸਰਕਾਰੀ ਬਲਾਂ ਨਾਲ ਲੜ ਰਹੇ ਸੀਰੀਆਈ ਬਾਗੀਆਂ ਵਿਚਾਲੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ ਅਤੇ ਬਾਗੀ ਲੜਾਕੇ ਸੜਕਾਂ 'ਤੇ ਨਜ਼ਰ ਆ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-Canada ਨੇ ਹਥਿਆਰਾਂ ਦੇ 324 ਮਾਡਲਾਂ 'ਤੇ ਲਗਾਈ ਪਾਬੰਦੀ; ਯੂਕ੍ਰੇਨ ਭੇਜਣ ਦੀ ਤਿਆਰੀ
ਬਾਗੀਆਂ ਨੇ ਗੋਲੀਆਂ ਚਲਾ ਕੇ ਮਨਾਇਆ ਜਸ਼ਨ
ਕੇਂਦਰੀ ਸ਼ਹਿਰ ਤੋਂ ਫੌਜ ਦੇ ਪਿੱਛੇ ਹਟਣ ਤੋਂ ਬਾਅਦ, ਹਜ਼ਾਰਾਂ ਹੋਮਸ ਨਿਵਾਸੀ ਸੜਕਾਂ 'ਤੇ ਆ ਗਏ ਅਤੇ ਜਸ਼ਨ ਮਨਾਉਂਦੇ ਹੋਏ, "ਅਸਦ ਚਲਾ ਗਿਆ, ਹੋਮਸ ਆਜ਼ਾਦ ਹੈ" ਅਤੇ "ਸੀਰੀਆ ਜ਼ਿੰਦਾਬਾਦ, ਬਸ਼ਰ ਅਲ-ਅਸਦ ਜ਼ਿੰਦਾਬਾਦ" ਦੇ ਨਾਅਰੇ ਲਗਾਏ। ਵਿਦਰੋਹੀਆਂ ਨੇ ਜਸ਼ਨ ਵਿੱਚ ਹਵਾ ਵਿੱਚ ਗੋਲੀਆਂ ਚਲਾਈਆਂ, ਜਦੋਂ ਕਿ ਉਤਸ਼ਾਹਿਤ ਨੌਜਵਾਨਾਂ ਨੇ ਸੀਰੀਆ ਦੇ ਰਾਸ਼ਟਰਪਤੀ ਦੇ ਪੋਸਟਰ ਪਾੜ ਦਿੱਤੇ। ਸਮਾਚਾਰ ਏਜੰਸੀ ਏਪੀ ਦੇ ਮੁਤਾਬਕ ਜਦੋਂ ਵਿਰੋਧੀ ਲੜਾਕੇ ਰਾਜਧਾਨੀ ਦੇ ਉਪਨਗਰੀ ਇਲਾਕਿਆਂ ਵਿਚ ਪਹੁੰਚੇ ਤਾਂ 24 ਸਾਲਾਂ ਤੋਂ ਦੇਸ਼ ਦੇ ਸ਼ਾਸਕ ਬਸ਼ਰ ਅਸਦ ਦਾ ਕੋਈ ਪਤਾ ਨਹੀਂ ਲੱਗਾ। ਬਾਗੀ ਹੋਮਸ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਗੋਲੀਆਂ ਚਲਾ ਰਹੇ ਹਨ ਅਤੇ ਹੁਣ ਤੱਕ ਚਾਰ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰ ਚੁੱਕੇ ਹਨ। ਹੋਮਸ ਦਾ ਕਬਜ਼ਾ ਅਸਦ ਲਈ ਸੰਭਾਵੀ ਤੌਰ 'ਤੇ ਸਭ ਤੋਂ ਵੱਡਾ ਝਟਕਾ ਹੈ। ਹੁਣ ਇਹ ਬਾਗੀ ਰਾਜਧਾਨੀ ਦਮਿਸ਼ਕ ਵੱਲ ਵਧ ਰਹੇ ਹਨ।
ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਟਰੰਪ ਦਾ ਬਿਆਨ
ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ ਕਿ 'ਸੀਰੀਆ 'ਚ ਬਹੁਤ ਗੜਬੜੀ ਹੈ, ਪਰ ਇਹ ਸਾਡਾ ਦੋਸਤ ਨਹੀਂ ਹੈ। ਅਮਰੀਕਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਾਡੀ ਲੜਾਈ ਨਹੀਂ ਹੈ। ਸਾਨੂੰ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਅਸਦ ਦਾ ਸਹਿਯੋਗੀ ਰੂਸ ਹੈ ਪਰ ਇਨ੍ਹੀਂ ਦਿਨੀਂ ਉਹ ਯੂਕ੍ਰੇਨ ਯੁੱਧ ਵਿਚ ਉਲਝਿਆ ਹੋਇਆ ਹੈ। ਅਜਿਹੇ 'ਚ ਸੀਰੀਆ 'ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਰੂਸ ਜ਼ਿਆਦਾ ਕੁਝ ਕਰਨ ਦੀ ਸਥਿਤੀ 'ਚ ਨਹੀਂ ਹੈ। ਰੂਸ ਨੇ ਕਈ ਸਾਲਾਂ ਤੋਂ ਸੀਰੀਆ ਦਾ ਬਚਾਅ ਕੀਤਾ ਹੈ। ਟਰੰਪ ਨੇ ਇਹ ਵੀ ਲਿਖਿਆ ਕਿ ਜੇਕਰ ਰੂਸ ਸੀਰੀਆ ਛੱਡਦਾ ਹੈ ਤਾਂ ਇਸ ਦਾ ਫਾਇਦਾ ਰੂਸ ਨੂੰ ਹੀ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਸੀਰੀਆ ਤੋਂ ਕੁਝ ਨਹੀਂ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।