ਨਿਰੋਗ ਤੇ ਸਿਹਤਮੰਦ ਜੀਵਨ ਲਈ ਚੰਗੇ ਆਚਰਣ ਜੀਵਨ ''ਚ ਹੋਣੇ ਜ਼ਰੂਰੀ : ਚੇਤਨਾ ਨੰਦ

11/29/2019 4:24:46 PM

ਸਿਡਨੀ (ਸਨੀ ਚਾਂਦਪੁਰੀ): ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾ) ਦੇ ਚੌਥੇ ਮੁਖੀ ਅਤੇ ਮੌਜੂਦਾ ਗੱਦੀਨਸ਼ੀਨ ਮਹਾਰਾਜ ਚੇਤਨਾ ਨੰਦ ਜੀ ਭੂਰੀਵਾਲਿਆਂ ਵੱਲੋਂ ਸਿਡਨੀ ਦੇ 62 ਰੇਲਵੇ ਰੋਡ ਮਾਰਾਯੋਂਗ ਵਿਖੇ ਸਿਡਨੀ ਦਾ ਸਲਾਨਾ ਸਤਸੰਗ ਕੀਤਾ ਗਿਆ । ਮਹਾਰਾਜ ਜੀ ਨੇ ਸਤਸੰਗ ਦੌਰਾਨ ਕਿਹਾ ਕਿ ਜਿਵੇਂ ਤਨ ਨੂੰ ਸਿਹਤਮੰਦ ਰੱਖਣ ਲਈ ਚੰਗੇ ਭੋਜਨ ਦੀ ਜ਼ਰੂਰਤ ਹੈ ਉਸੇ ਤਰਾਂ ਮਨ ਨੂੰ ਸਿਹਤਮੰਦ ਭਾਵ ਊਰਜਾਵਾਨ ਰੱਖਣ ਲਈ ਚੰਗੇ ਵਿਚਾਰਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਵੀ ਜ਼ਰੂਰਤ ਹੈ । ਉਹਨਾਂ ਅੱਗੇ ਕਿਹਾ ਕਿ ਅੱਜ ਕੱਲ ਦਾ ਖਾਣ-ਪਾਣ ਨਾ ਸਿਰਫ ਸਾਡੀ ਸਿਹਤ 'ਤੇ ਅਸਰ ਪਾਉਂਦਾ ਹੈ ਸਗੋਂ ਸਾਡੇ ਮਨ 'ਤੇ ਵੀ ਅਸਰ ਪਾਉਂਦਾ ਹੈ । 

PunjabKesari

ਮਹਾਰਾਜ ਜੀ ਨੇ ਸਤਸੰਗ ਦੌਰਾਨ ਕਿਹਾ ਕਿ ਚੰਗੇ ਆਚਰਣ ਜੀਵਨ ਵਿੱਚ ਅਪਣਾਉਣ ਨਾਲ ਸਾਡੇ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ । ਮਨੁੱਖ ਦੀ ਅਸਲ ਕਮਾਈ ਧੰਨ, ਸ਼ੋਹਰਤ, ਯਸ਼ ਨਹੀਂ ਸਗੋਂ ਨਾਮ ਦੀ ਕਮਾਈ ਹੈ ਜਿਸ ਦੀ ਧਰਮਰਾਜ ਦੇ ਦਰਬਾਰ ਵਿੱਚ ਕੀਮਤ ਮਿਲਣੀ ਹੈ । ਪਰਮਾਤਮਾ ਦੀ ਬੰਦਗੀ ਵੀ ਮਨੁੱਖ ਉਦੋ ਕਰ ਸਕਦਾ ਹੈ ਜਦੋਂ ਉਸ ਨੇ ਆਪਣੇ ਜੀਵਨ ਵਿੱਚ ਚੰਗੇ ਵਿਚਾਰਾਂ ਨੂੰ ਅਪਨਾ ਲਿਆ ਹੋਵੇ । ਮਨ ਦੀ ਕੂੜ ਬਿਰਤੀ ਨੂੰ ਸਿਰਫ ਤੇ ਸਿਰਫ ਗੁਰੂ ਵੱਲੋਂ ਦਿੱਤੇ ਸ਼ਬਦ ਨਾਲ ਹੀ ਠਹਿਰਾਅ ਮਿਲ ਸਕਦਾ ਹੈ । ਸੇਵਾ, ਦਾਨ, ਸਿਮਰਨ ਨਾਲ ਹੀ ਮਨ ਨੂੰ ਪ੍ਰਭੂ ਭਗਤੀ ਵਿੱਚ ਜੋੜਿਆ ਜਾ ਸਕਦਾ ਹੈ । 

PunjabKesari

ਮਹਾਰਾਜ ਜੀ ਨੇ ਸਤਸੰਗ ਦੌਰਾਨ ਕਿਹਾ ਕਿ ਜੋ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹ ਮੌਤ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ । ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਗੁਰੂ ਵੱਲੋਂ ਦਿੱਤੇ ਸ਼ਬਦ ਦਾ ਨਿਰੰਤਰ ਜਾਪ ਕਰਨ ਨਾਲ ਮਨੁੱਖ ਦੀ ਹਰ ਔਕੜ ਦੂਰ ਹੋ ਜਾਂਦੀ ਹੈ । ਉਹਨਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਆਏ ਨੌਜਵਾਨਾਂ ਨੂੰ ਆਪਣੀ ਹੋਂਦ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਚਾਹੀਦਾ ਹੈ ।


Vandana

Content Editor

Related News