ਤੈਰਨਾ, ਗੱਡੀ ਚਲਾਉਣਾ ਅਤੇ ਨੌਕਰੀ ਵੀ, ਅਫਗਾਨ ਔਰਤਾਂ ਨੂੰ ਆਸਟ੍ਰੇਲੀਆ 'ਚ ਮਿਲੀ ਆਜ਼ਾਦੀ

Thursday, Aug 11, 2022 - 03:38 PM (IST)

ਤੈਰਨਾ, ਗੱਡੀ ਚਲਾਉਣਾ ਅਤੇ ਨੌਕਰੀ ਵੀ, ਅਫਗਾਨ ਔਰਤਾਂ ਨੂੰ ਆਸਟ੍ਰੇਲੀਆ 'ਚ ਮਿਲੀ ਆਜ਼ਾਦੀ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਸਿਡਨੀ ਦੇ ਪੱਛਮੀ ਉਪਨਗਰ ਵਿੱਚ ਇੱਕ ਇਨਡੋਰ ਪੂਲ ਵਿੱਚ ਲਗਭਗ 20 ਅਫਗਾਨ ਔਰਤਾਂ ਤੈਰਾਕੀ ਸਿੱਖਣ ਲਈ ਆਉਂਦੀਆਂ ਹਨ। ਇਹ ਸਾਰੀਆਂ ਸ਼ਰਨਾਰਥੀ ਵਜੋਂ ਆਸਟ੍ਰੇਲੀਆ ਪਹੁੰਚੀਆਂ ਹਨ। ਕਰੀਬ ਦੋ ਦਹਾਕੇ ਪਹਿਲਾਂ ਆਸਟ੍ਰੇਲੀਆ ਪਹੁੰਚੀ ਇੱਕ ਅਫਗਾਨ ਔਰਤ ਉਨ੍ਹਾਂ ਨੂੰ ਤੈਰਾਕੀ ਸਿਖਾਉਂਦੀ ਹੈ ਅਤੇ ਨਾਲ ਹੀ ਦੇਸ਼ ਦੇ ਬੀਚ ਕਲਚਰ ਬਾਰੇ ਵੀ ਜਾਣਕਾਰੀ ਦਿੰਦੀ ਹੈ। 22 ਸਾਲ ਪਹਿਲਾਂ ਅਫਗਾਨਿਸਤਾਨ ਤੋਂ ਆਸਟ੍ਰੇਲੀਆ ਆਈ ਮਰੀਅਮ ਜ਼ਾਹਿਦ ਨੇ ਕਿਹਾ ਕਿ ਉਸਦੀ ਸਿਖਲਾਈ ਔਰਤਾਂ ਨੂੰ ਆਪਣੀ ਪਛਾਣ ਬਣਾਉਣ ਅਤੇ ਜੰਗ ਦੇ ਸਦਮੇ ਤੋਂ ਉਭਰਨ ਵਿੱਚ ਮਦਦ ਕਰਦੀ ਹੈ, ਜਿਸ ਨੇ ਉਹਨਾਂ ਦੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ।

PunjabKesari

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਜ਼ਾਹਿਦ ਨੇ ਕਿਹਾ ਕਿ ਇਹ ਕੁਝ ਅਜਿਹਾ ਹੈ ਜੋ ਸਭ ਤੋਂ ਪਹਿਲਾਂ ਇੱਕ ਇਨਸਾਨ ਦੇ ਰੂਪ ਵਿੱਚ ਆਪਣੀ ਪਛਾਣ ਬਣਾਉਣ ਲਈ ਉਨ੍ਹਾਂ ਦੇ ਜੀਵਨ ਦੇ ਮਨੋਵਿਗਿਆਨਕ ਅਤੇ ਭਾਵਨਾਤਮਕ ਪਹਿਲੂਆਂ 'ਤੇ ਅਸਰ ਕਰੇਗਾ। ਅਸੀਂ ਉਨ੍ਹਾਂ ਲਈ ਯਾਦਾਂ ਤਿਆਰ ਕਰ ਰਹੇ ਹਾਂ- ਆਜ਼ਾਦੀ, ਖੁਸ਼ੀ ਅਤੇ ਮੌਕਿਆਂ ਦੀਆਂ ਯਾਦਾਂ।ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੇ ਜਲਦਬਾਜ਼ੀ ਵਿਚ ਵਾਪਸੀ ਦੇ ਇਕ ਸਾਲ ਬਾਅਦ ਹਜ਼ਾਰਾਂ ਅਫਗਾਨ ਅਮਰੀਕਾ ਅਤੇ ਯੂਰਪ ਵਿਚ ਮੁੜ ਵਸੇ ਹੋਏ ਹਨ। ਆਸਟ੍ਰੇਲੀਆ ਨੇ ਅਗਸਤ 2001 ਤੋਂ ਸ਼ੁਰੂ ਵਿੱਚ ਅਫਗਾਨੀਆਂ ਨੂੰ 3,000 ਮਾਨਵਤਾਵਾਦੀ ਵੀਜ਼ੇ ਦਿੱਤੇ ਸਨ। ਇਸ ਸਾਲ ਦੇ ਸ਼ੁਰੂ ਵਿੱਚ ਇਸ ਨੇ ਕਿਹਾ ਸੀ ਕਿ ਉਹ ਅਗਲੇ ਚਾਰ ਸਾਲਾਂ ਵਿੱਚ 15,000 ਹੋਰ ਸ਼ਰਨਾਰਥੀਆਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਸੀਰੀਆ ਦਾ ਗੰਭੀਰ ਦੋਸ਼- ਦੇਸ਼ ਤੋਂ ਰੋਜ਼ਾਨਾ ਉਤਪਾਦਨ ਦਾ 80 ਫੀਸਦੀ 'ਤੇਲ' ਚੋਰੀ ਕਰ ਰਿਹੈ ਅਮਰੀਕਾ

ਜ਼ਾਹਿਦ ਦਾ 'ਅਫ਼ਗਾਨ ਵੂਮੈਨ ਆਨ ਦ ਮੂਵ' ਪ੍ਰੋਗਰਾਮ ਸ਼ਰਨਾਰਥੀਆਂ ਦੀ ਮਦਦ ਕਰਦਾ ਹੈ। ਇਹਨਾਂ ਵਿਚੋਂ ਬਹੁਤ ਸਾਰੇ ਕੱਟੜਪੰਥੀ ਇਸਲਾਮਿਕ ਤਾਲਿਬਾਨ ਲਹਿਰ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜ ਗਏ ਸਨ। ਜ਼ਾਹਿਦ ਔਰਤਾਂ ਨੂੰ ਤੈਰਾਕੀ ਅਤੇ ਡਰਾਈਵਿੰਗ ਸਿੱਖਣ ਦੇ ਨਾਲ-ਨਾਲ ਨੌਕਰੀਆਂ ਲੱਭਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਇਹ ਔਰਤਾਂ ਅਫਗਾਨਿਸਤਾਨ ਵਾਪਸ ਨਹੀਂ ਜਾ ਸਕਦੀਆਂ, ਜਿੱਥੇ ਸਰਕਾਰ ਨੇ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ 'ਤੇ ਬਹੁਤ ਘਾਣ ਕੀਤਾ ਹੈ। ਕੁੜੀਆਂ ਦੇ ਹਾਈ ਸਕੂਲ ਜਾਣ 'ਤੇ ਪਾਬੰਦੀ ਹੈ। ਇੱਕ ਸਾਲ ਪਹਿਲਾਂ ਆਪਣੇ ਪਤੀ ਅਤੇ ਬੱਚੇ ਨਾਲ ਆਸਟ੍ਰੇਲੀਆ ਪਹੁੰਚੀ ਔਰਤ ਸਹਿਰ ਅਜ਼ੀਜ਼ੀ ਨੇ ਕਿਹਾ ਕਿ ਮੈਂ ਹਰ ਸਮੇਂ ਘਰ ਵਿੱਚ ਬੈਠਣ ਅਤੇ ਅਫਗਾਨਿਸਤਾਨ ਦੇ ਮਾੜੇ ਹਾਲਾਤ ਬਾਰੇ ਸੋਚਣ ਦੀ ਬਜਾਏ ਆਪਣੀ ਪੜ੍ਹਾਈ ਅਤੇ ਡਰਾਈਵਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਮੈਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਤਾਂ ਜੋ ਮੈਂ ਆਪਣੇ ਲਈ ਕੁਝ ਕਰ ਸਕਾਂ ਅਤੇ ਆਪਣੇ ਸੁਪਨਿਆਂ ਅਤੇ ਟੀਚਿਆਂ ਨੂੰ ਪ੍ਰਾਪਤ ਕਰ ਸਕਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News