ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ''ਚ ਸ਼ਾਮਲ ਨਾਵਾਂ ਦੀ ਕੀਤਾ ਐਲਾਨ
Tuesday, Nov 30, 2021 - 10:15 PM (IST)
ਕੋਪਨਹੇਗਨ - ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੇਗਦਾਲੇਨਾ ਐਂਡਰਸਨ ਨੇ ਮੰਗਲਵਾਰ ਨੂੰ ਸਟਾਕਹੋਮ ਦੇ ਸ਼ਾਹੀ ਮਹਿਲ ਵਿੱਚ ਅਹੁਦੇ ਦੀ ਸਹੁੰ ਚੁੱਕੀ। ਨਾਲ ਹੀ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਨਾਵਾਂ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੇਸ਼ ਦੀ ਵਿੱਤ ਮੰਤਰੀ ਰਹੀ ਐਂਡਰਸਨ ਨੇ ਮਾਈਕਲ ਡੈਮਬਰਗ ਨੂੰ ਵਿੱਤ ਮੰਤਰਾਲਾ ਦੀ ਜ਼ਿੰਮੇਦਾਰੀ ਦਿੱਤੀ ਹੈ। ਪਿਛਲੇ ਸਮੇਂ ਵਿੱਚ ਡੈਮਬਰਗ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਐਨ ਲਿੰਡੇ ਨੂੰ ਵਿਦੇਸ਼ ਮੰਤਰੀ ਜਦੋਂ ਕਿ ਪੀਟਰ ਹਲਟਕਵਿਸਟ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਸੋਸ਼ਲ ਡੈਮੋਕਰੇਟ ਪਾਰਟੀ ਦੇ ਨੇਤਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕੁੱਝ ਘੰਟਿਆਂ ਬਾਅਦ ਹੀ ਸੰਸਦ ਵਿੱਚ ਬਜਟ ਪ੍ਰਸਤਾਵ ਡਿੱਗਣ 'ਤੇ ਪਿਛਲੇ ਹਫ਼ਤੇ ਅਹੁਦੇ ਤੋ ਅਸਤੀਫਾ ਦੇਣਾ ਪਿਆ ਸੀ। ਸੋਮਵਾਰ ਨੂੰ ਇੱਕ ਵਾਰ ਫਿਰ ਉਨ੍ਹਾਂ ਨੂੰ ਸਰਕਾਰ ਦਾ ਮੁਖੀ ਚੁਣ ਲਿਆ ਗਿਆ ਸੀ। ਐਂਡਰਸਨ ਹਫ਼ਤੇ ਭਰ ਦੇ ਅੰਦਰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣੀ। ਹਾਲਾਂਕਿ, ਉਨ੍ਹਾਂ ਨੇ ਇੱਕ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਬਣਾਈ ਹੈ। ਪਿਛਲੇ ਹਫ਼ਤੇ ਬੁੱਧਵਾਰ ਨੂੰ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਗਈ ਐਂਡਰਸਨ ਇਸ ਅਹੁਦੇ 'ਤੇ ਸਿਰਫ ਸੱਤ ਘੰਟੇ ਹੀ ਰਹਿ ਸਕੀਆਂ ਸਨ ਅਤੇ ਉਨ੍ਹਾਂ ਦੇ ਸਾਥੀ ਦਲ ‘ਗਰੀਂਸ' ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।