ਵਿਸਥਾਰ ਨਾਲ ਜਾਣੋ ਅਲੌਕਿਕ ਕਹਾਣੀ ‘ਕਰਤਾਰਪੁਰ ਸਾਹਿਬ’ ਦੀ

11/16/2020 11:50:39 AM

ਹਰਪ੍ਰੀਤ ਸਿੰਘ ਕਾਹਲੋਂ

ਪੱਖੋਕੇ ਟਾਹਲੀ ਸਾਹਿਬ ਦੇ ਸੇਵਾਦਾਰ ਸੰਤ ਗੁਰਿੰਦਰ ਦਾਸ ਪਿੰਡ ਦੋਦੇ ਦੇ ਦੋ ਭਰਾਵਾਂ ਦੀ ਕਥਾ ਨੂੰ ਬਹੁਤ ਪ੍ਰੇਮ ਨਾਲ ਸੁਣਾਉਂਦੇ ਹਨ। ਉਨ੍ਹਾਂ ਮੁਤਾਬਕ ਗੁਰੂ ਨਾਨਕ ਦੇਵ ਜੀ ਆਪਣੇ ਸਹੁਰੇ ਪਿੰਡ ਤੋਂ ਜਦੋਂ ਨਨਕਾਣਾ ਸਾਹਿਬ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਉਨ੍ਹਾਂ ਦਿਨਾਂ ਦੇ ਅੰਦਰ ਇੱਕ ਨਗਰ ਵਸਾਉਣ ਲਈ ਢੁੱਕਵੀਂ ਜ਼ਮੀਨ ਦੀ ਭਾਲ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਨਕਾਣਾ ਸਾਹਿਬ ਨੂੰ ਜਾਂਦਿਆਂ ਪਿੰਡ ਦੋਦੇ ਦੇ ਦੋ ਭਰਾਵਾਂ ਦਾ ਦ੍ਰਿਸ਼ ਵੇਖਿਆ, ਜਿੱਥੇ ਦੋਵੇਂ ਭਰਾ ਇੱਕ ਦੂਜੇ ਦੇ ਮੂੰਹ ’ਚ ਬੁਰਕੀਆਂ ਪਾਉਂਦੇ ਹੋਏ ਇੱਕ ਦੂਜੇ ਲਈ ਨਿਛਾਵਰ ਹੋ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਤੋਂ ਵੱਡੀ ਪਵਿੱਤਰ ਧਰਤੀ ਕੀ ਹੋਵੇਗੀ, ਜਿੱਥੇ ਦੋ ਬੰਦੇ ਆਪਸ ਵਿੱਚ ਆਪਣਾ ਆਪ ਭੁੱਲ ਕੇ ਇਕ ਦੂਜੇ ਲਈ ਜਿਊਣ ਦਾ ਹੰਭਲਾ ਮਾਰਦੇ ਹਨ।

ਮੁਹੱਬਤੀ ਅਹਿਸਾਸ
ਪਿੰਡ ਦੋਦਾ ਕਰਤਾਰਪੁਰ ਸਾਹਿਬ ਦੇ ਨਾਲ ਅੱਧੇ ਕੁ ਕਿਲੋਮੀਟਰ ’ਤੇ ਹੀ ਅੱਜ ਵੀ ਸਥਿਤ ਹੈ। ਨਾਰੋਵਾਲ ਦੇ ਪੱਤਰਕਾਰ ਸ਼ਾਹਿਦ ਜ਼ਿਆ, ਜਿੰਨ੍ਹਾਂ ਦੇ ਪੁਰਖੇ ਜੰਮੂ ਤੋਂ ਪ੍ਰਵਾਸ ਕਰਦੇ ਹੋਏ 1947 ਦੀ ਵੰਡ ਦੌਰਾਨ ਨਾਰੋਵਾਲ ਪਹੁੰਚੇ ਸਨ,  ਦੱਸਦੇ ਹਨ ਕਿ ਅਸਲ ਵਿੱਚ ਉਹ ਪਹਿਲਾਂ ਪਿੰਡ ਜੱਸੜ ਪਹੁੰਚੇ ਸਨ, ਜਿੱਥੇ ਇੱਕ ਵੱਡਾ ਰੇਲਵੇ ਜੰਕਸ਼ਨ ਸੀ। ਸ਼ਾਹਿਦ ਕਹਿੰਦੇ ਹਨ ਕਿ ਮੇਰਾ ਸਾਰਾ ਬਚਪਨ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਨੇੜੇ ਤੇੜੇ ਹੀ ਗੁਜ਼ਰਿਆ ਹੈ। ਪਿੰਡ ਦੋਦਾ ਦੇ ਹਰੇਕ ਪਰਿਵਾਰ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਲਈ ਮੁਹੱਬਤੀ ਅਹਿਸਾਸ ਹੈ।

PunjabKesari

ਅਜਿੱਤੇ ਰੰਧਾਵੇ ਦਾ ਖੂਹ
ਰਾਵੀ ਦੇ ਕੰਢੇ ਕਰਤਾਰਪੁਰ ਸਾਹਿਬ ਦੀ ਨੀਂਹ ਰੱਖਣ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ, ਜਿਹੜੇ ਸਿੱਖਾਂ ਦਾ ਅਹਿਮ ਯੋਗਦਾਨ ਹੈ, ਉਨ੍ਹਾਂ ਵਿੱਚੋਂ ਅਜਿੱਤਾ ਰੰਧਾਵਾ ਖ਼ਾਸ ਸੀ। ਸਾਖੀ ਮੁਤਾਬਕ ਗੁਰੂ ਨਾਨਕ ਦੇਵ ਜੀ ਆਪਣੇ ਸਹੁਰੇ ਪਿੰਡ ਪੱਖੋਕੇ ਆਉਣ ਵੇਲੇ ਅਜਿੱਤੇ ਰੰਧਾਵੇ ਦੇ ਖੂਹ ਉੱਤੇ ਹੀ ਬਿਰਾਜਮਾਨ ਹੁੰਦੇ ਸਨ, ਜਿੱਥੇ ਡੇਰਾ ਬਾਬਾ ਨਾਨਕ ਦਾ ਅਜੋਕਾ ਦਰਬਾਰ ਸਾਹਿਬ ਹੈ। ਅਜਿੱਤੇ ਰੰਧਾਵੇ ਤੋਂ ਇਲਾਵਾ ਸਰਕਾਰ ਦਾ ਵੱਡਾ ਅਹਿਲਕਾਰ ਦੁਨੀ ਚੰਦ ਕਰੋੜੀ ਸੀ। ਇਹ ਵੀ ਬਾਅਦ ਵਿੱਚ ਗੁਰੂ ਜੀ ਦਾ ਸਿੱਖ ਬਣ ਗਿਆ ਸੀ ਅਤੇ ਇੰਨੇ ਹੀ 100 ਘੁਮਾਂ ਜ਼ਮੀਨ ਪੰਥ ਨੂੰ ਭੇਟ ਕੀਤੀ ਸੀ। ਦੁਨੀ ਚੰਦ ਜਵਾਹਰ ਮੱਲ ਦਾ ਪੋਤਰਾ ਸੀ। ਜਵਾਹਰ ਮੱਲ ਦੇ ਨਾਂਅ ’ਤੇ ਬਕਾਏਦਾ ਲਾਹੌਰ ’ਚ ਇਕ ਬਾਜ਼ਾਰ ਹੈ। ਦੁਨੀ ਚੰਦ ਦੀ ਔਲਾਦ ਵਿੱਚੋਂ ਹੀ ਅੱਗੇ ਭਗਤ ਰਾਮ ਹੋਇਆ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਬਖ਼ਸ਼ੀ ਸੀ। ਗਿਆਨੀ ਗਿਆਨ ਸਿੰਘ ਨੇ ਕਰਤਾਰਪੁਰ ਦੀ ਨੀਂਹ ਰੱਖਣ ਦੀ ਮਿਤੀ 13 ਮਾਘ ਸੰਮਤ 1572 ਲਿਖੀ ਹੈ ।

PunjabKesari

ਡੇਰਾ ਬਾਬਾ ਨਾਨਕ ਸ਼ਹਿਰ ਦਾ ਮੁੱਢ
ਭਬੀਸ਼ਨ ਸਿੰਘ ਗੁਰਾਇਆ ਦੱਸਦੇ ਹਨ ਕਿ ਉਨ੍ਹਾਂ ਦੇ ਨਾਨਕੇ ਕੱਕੇਕੇ ਪਿੰਡ ਦੇ ਨੇੜੇ ਸਨ। ਇਹ ਦਰਿਆ ਬੁਰਦ ਹੋ ਚੁੱਕੇ ਪਿੰਡ ਪੱਖੋਕੇ ਦੇ ਨੇੜੇ ਸੀ। ਭਵੀਸ਼ਨ ਸਿੰਘ ਗੁਰਾਇਆ ਦੱਸਦੇ ਹਨ ਕਿ ਇਸ ਇਲਾਕੇ ਵਿੱਚ ਬਹੁਤੇ ਰੰਧਾਵੇ ਜੱਟ ਮਿਲਣਗੇ ਅਤੇ ਰਾਵੀ ਤੋਂ ਪਾਰ ਬਾਜਵਿਆਂ ਦਾ ਇਲਾਕਾ ਸੀ। ਇਸ ਇਲਾਕੇ ਵਿੱਚ ਪੱਖੋਕੇ ਟਾਹਲੀ ਸਾਹਿਬ, ਪੱਖੋਕੇ ਮਹਿਮਾਰਾ, ਪੱਖੋਕੇ ਰੰਧਾਵਾ, ਜੋ ਅਲੋਪ ਹੋ ਗਿਆ ਹੈ ਅਤੇ ਇੱਥੋਂ ਹੀ ਕੂਚ ਕਰਦੇ ਹੋਏ ਅਜਿੱਤੇ ਰੰਧਾਵੇ ਦੇ ਖੂਹ ’ਤੇ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਦੇਹੁਰਾ ਬਣਾਇਆ ਅਤੇ ਡੇਰਾ ਬਾਬਾ ਨਾਨਕ ਸ਼ਹਿਰ ਦਾ ਮੁੱਢ ਬੱਝਾ।

PunjabKesari

ਭਵੀਸ਼ਨ ਸਿੰਘ ਗੁਰਾਇਆ, ਜਿਨ੍ਹਾਂ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨਿਰੋਲ ਕੰਮ ਹੈ, ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਸਾਉਣ ਤੋਂ ਬਾਅਦ ਇਹਦੇ ਪੜਾਅ ਦਰ ਪੜਾਅ ਕੁਝ ਇੰਝ ਸਮਝ ਆਉਂਦੇ ਹਨ :-

1 - ਗੁਰੂ ਨਾਨਕ ਦੇਵ ਜੀ ਨੇ ਇਸ ਸ਼ਹਿਰ ਦੀ ਨੀਂਹ 9 ਜਨਵਰੀ 1516 ਈਸਵੀ ਵਿੱਚ ਰੱਖੀ। ਇਸ ਨਗਰ ਦੀ ਸਥਾਪਨਾ ਵੇਲੇ ਪਿੰਡ ਦੋਦੇ ਤੋਂ ਦੋਦਾ ਰੰਧਾਵਾ ਅਤੇ ਪੱਖੋਕੇ ਤੋਂ ਚੌਧਰੀ ਅਜਿੱਤਾ ਰੰਧਾਵਾ ਅਤੇ ਦੁਨੀ ਚੰਦ ਕਰੋੜੀ ਮੱਲ ਦਾ ਯੋਗਦਾਨ ਸੀ। 1521 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਇੱਥੇ ਪੱਕੇ ਤੌਰ ’ਤੇ ਵੱਸ ਚੁੱਕੇ ਸਨ। 1522-25 ਦੀ ਜਮ੍ਹਾਬੰਦੀ ਮੁਤਾਬਕ ਕਰਤਾਰਪੁਰ ਸਾਹਿਬ ਦੇ ਨਾਮ 171 ਕਿੱਲੇ ਜ਼ਮੀਨ ਦਰਜ ਹੈ।

2 - ਕਰਤਾਰਪੁਰ ਸਾਹਿਬ ਵਿਖੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਜਾਣ ਤੋਂ ਪਹਿਲਾਂ ਰਹਿੰਦੇ ਰਹੇ ਅਤੇ ਬਾਬਾ ਸ੍ਰੀ ਚੰਦ ਨੇ ਇੱਥੇ ਬਕਾਇਦਾ ਇਮਾਰਤ ਉਸਾਰੀ ਕਰਵਾਈ। ਪੱਖੋਕੇ ਟਾਹਲੀ ਸਾਹਿਬ ਕੂਚ ਕਰਨ ਤੋਂ ਪਹਿਲਾਂ ਬਾਬਾ ਸ੍ਰੀ ਚੰਦ ਅਤੇ ਗੁਰੂ ਨਾਨਕ ਦੇਵ ਜੀ ਦੇ ਨਿੱਕੇ ਪੁੱਤਰ ਲੱਖਮੀ ਦਾਸ ਇੱਥੇ ਹੀ ਰਹਿੰਦੇ ਰਹੇ ਹਨ। ਲਖਮੀ ਦਾਸ ਦਾ ਵਿਆਹ ਵੀ ਇੱਥੇ ਹੀ ਹੋਇਆ।

3 - ਇਸ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ ਲਾਲਾ ਨਾਨਕ ਚੰਦ ਨੇ ਕਰਵਾਈ ਸੀ। ਬਾਦਸ਼ਾਹ ਅਕਬਰ ਦੇ ਨੌਂ ਰਤਨ ਸਨ ਨੌਂ ਰਤਨਾਂ ਵਿੱਚੋਂ ਦੀਵਾਨ ਟੋਡਰ ਮਲ ਸਨ। ਲਾਲਾ ਨਾਨਕ ਚੰਦ ਦੀਵਾਨ ਟੋਡਰ ਮੱਲ ਦਾ ਪੋਤਰਾ ਸੀ। ਅਕਬਰ ਦੇ ਦੌਰ ਅੰਦਰ ਹੈਦਰਾਬਾਦ ਸਟੇਟ ਦਾ ਪ੍ਰਧਾਨ ਮੰਤਰੀ ਲਾਲਾ ਚੂਨੀ ਲਾਲ, ਲਾਲਾ ਨਾਨਕ ਚੰਦ ਦਾ ਭਤੀਜਾ ਸੀ। ਮੁਗ਼ਲ ਹਕੂਮਤ ਦੌਰਾਨ ਲਾਲਾ ਚੁੰਨੀ ਲਾਲ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਸਾਰੀ ਸਹਾਇਤਾ ਮੁਹੱਈਆ ਕਰਵਾਈ ਅਤੇ ਲਾਲਾ ਨਾਨਕ ਚੰਦ ਦੇਖ ਰੇਖ ਵਿੱਚ ਇਮਾਰਤਸਾਜ਼ੀ ਹੋਈ। ਇੰਝ ਦੋਵਾਂ ਨੇ ਡੇਰਾ ਬਾਬਾ ਨਾਨਕ ਵਿਖੇ ਵੀ ਸੇਵਾ ਕਰਵਾਈ ਸੀ।

4 - ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸੇਵਾਦਾਰ ਰਾਜਾ ਸੁਧ ਸਿੰਘ ਨੇ ਕਰਤਾਰਪੁਰ ਸਾਹਿਬ ਦੀ ਸੇਵਾ ਕਰਵਾਈ 

5 -  ਲਾਲਾ ਸ਼ਾਮ ਦਾਸ ਨੇ 1911 ਈਸਵੀ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਦੀ ਮੁਰੰਮਤ ਕਰਵਾਈ ਸੀ। ਲਾਲਾ ਸ਼ਾਮ ਦਾਸ ਸਿੰਧ ਤੋਂ ਸਿੰਧੀ ਸਿੱਖ ਸੀ ਅਤੇ ਇਹ ਇਮਾਰਤ ਹੀ ਹੜ੍ਹ ਵੇਲੇ ਬਰਬਾਦ ਹੋ ਗਈ ਸੀ।

6 - 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਰਾਵੀ ਦਰਿਆ ਵਿੱਚ ਆਏ ਭਾਰੀ ਹੜ੍ਹ ਨੇ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1925 ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ ਕਰਵਾਈ। ਇਸ ਸੇਵਾ ਦੌਰਾਨ 135600 ਰੁਪਏ ਦੀ ਰਾਸ਼ੀ ਸਹਾਇਤਾ ਦਿੱਤੀ ਗਈ ਅਤੇ ਬਾਕਾਇਦਾ ਸੰਗਤਾਂ ਦੇ ਨਾਲ ਕਾਰ ਸੇਵਾ ਵਿੱਢੀ ਗਈ।

PunjabKesari


rajwinder kaur

Content Editor

Related News