ਵਿਦੇਸ਼ ਵਿਚ ਪੜ੍ਹਾਈ ਦਾ ਸੁਪਨਾ ਵਿਦਿਆਰਥੀਆਂ ਨੂੰ ਪੈ ਰਿਹੈ ਮਹਿੰਗਾ

Sunday, Jul 29, 2018 - 04:05 PM (IST)

ਜਲੰਧਰ/ਸਰੀ (ਬਿਊਰੋ)- ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੀ ਚੰਗੀ ਗੁਜ਼ਰ ਬਸਰ ਲਈ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਜਿਥੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਵੀ ਕਰਨੇ ਪੈ ਰਹੇ ਹਨ। ਇਕ ਅਖਬਾਰ ਵਿਚ ਛਪੀ ਖਬਰ ਮੁਤਾਬਕ ਪੰਜਾਬ ਤੋਂ ਡੇਢ ਲੱਖ ਵਿਦਿਆਰਥੀ ਵਿਦੇਸ਼ ਪੜ੍ਹਣ ਲਈ ਜਾ ਚੁੱਕੇ ਹਨ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਪਰਿਵਾਰਕ ਮੈਂਬਰ ਤਕਰੀਬਨ 27000 ਕਰੋੜ ਰੁਪਏ ਖਰਚ ਚੁੱਕੇ ਹਨ। ਕੈਨੇਡਾ ਵਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਸੌਖੀ ਨੀਤੀ ਕਰਨ ਦਾ ਫਾਇਦਾ ਪੰਜਾਬੀ ਨੌਜਵਾਨਾਂ ਨੇ ਹੀ ਚੁੱਕਿਆ ਹੈ।
ਇਸ ਸਾਲ ਪੜਾਈ ਕਰਨ ਲਈ 1.25 ਲੱਖ ਵਿਦਿਆਰਥੀ ਕੈਨੇਡਾ ਜਾ ਚੁੱਕੇ ਹਨ। ਬਾਕੀ 25 ਹਜ਼ਾਰ ਵਿਦਿਆਰਥੀਆਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਯੂ.ਕੇ. ਨੂੰ ਚੁਣਿਆ ਹੈ। ਬੀਤੇ ਵੀਰਵਾਰ ਨੂੰ ਪੰਜਾਬ ਦੇ ਤਕਨੀਕੀ ਸਿੱਖਿਆ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮੰਨਿਆ ਕਿ ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਪੰਜਾਬ ਨੂੰ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਦੀ ਲੜਾਈ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿਚ ਰਹੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਨਿਯਮਾਂ ਵਿਚ ਕਾਫੀ ਸਖ਼ਤੀ ਕਰ ਦਿੱਤੀ ਗਈ ਹੈ ਤਾਂ ਜੋ ਅਪਰਾਧਕ ਮਾਨਸਿਕਤਾ ਵਾਲੇ ਲੋਕਾਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾ ਸਕੇ।


Related News