ਭੂਚਾਲ ਦੇ ਜ਼ਬਰਦਸਤ ਝਟਕੇ: 6.5 ਦੀ ਤੀਬਰਤਾ ਨੇ ਮਚਾਈ ਦਹਿਸ਼ਤ, ਰਾਸ਼ਟਰਪਤੀ ਨੂੰ ਰੋਕਣੀ ਪਈ PC
Friday, Jan 02, 2026 - 09:25 PM (IST)
ਮੈਕਸੀਕੋ ਸਿਟੀ : ਮੈਕਸੀਕੋ ਦੇ ਵੱਡੇ ਹਿੱਸੇ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਦੱਖਣੀ ਅਤੇ ਮੱਧ ਮੈਕਸੀਕੋ ਵਿੱਚ ਆਏ ਇਸ ਭੂਚਾਲ ਨੇ ਲੋਕਾਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ। ਮੈਕਸੀਕੋ ਦੀ ਰਾਸ਼ਟਰੀ ਭੂਚਾਲ ਵਿਗਿਆਨ ਏਜੰਸੀ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.5 ਮਾਪੀ ਗਈ ਹੈ, ਜਿਸ ਨੂੰ ਬਹੁਤ ਤੇਜ਼ ਅਤੇ ਖ਼ਤਰਨਾਕ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਰਾਸ਼ਟਰਪਤੀ ਦੇ ਪ੍ਰੋਗਰਾਮ 'ਚ ਪਿਆ ਅੜਿੱਕਾ
ਇਸ ਕੁਦਰਤੀ ਆਫ਼ਤ ਦਾ ਅਸਰ ਸਿੱਧੇ ਤੌਰ 'ਤੇ ਸਰਕਾਰੀ ਗਤੀਵਿਧੀਆਂ 'ਤੇ ਵੀ ਦੇਖਣ ਨੂੰ ਮਿਲਿਆ। ਸਰੋਤਾਂ ਅਨੁਸਾਰ, ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਨੂੰ ਨਵੇਂ ਸਾਲ ਦੀ ਆਪਣੀ ਪਹਿਲੀ ਪ੍ਰੈੱਸ ਬ੍ਰੀਫਿੰਗ ਤੱਕ ਰੋਕਣੀ ਪਈ। ਜਿਸ ਸਮੇਂ ਰਾਸ਼ਟਰਪਤੀ ਸੰਬੋਧਨ ਕਰ ਰਹੇ ਸਨ, ਉਸੇ ਵੇਲੇ ਭੂਚਾਲ ਦੇ ਅਲਾਰਮ ਵੱਜਣ ਲੱਗੇ, ਜਿਸ ਕਾਰਨ ਉਨ੍ਹਾਂ ਨੂੰ ਪ੍ਰੈੱਸ ਕਾਨਫਰੰਸ ਛੱਡ ਕੇ ਤੁਰੰਤ ਸੁਰੱਖਿਅਤ ਬਾਹਰ ਨਿਕਲਣਾ ਪਿਆ।
ਸੈਲਾਨੀਆਂ ਅਤੇ ਆਮ ਲੋਕਾਂ ਵਿੱਚ ਭਾਜੜ
ਭੂਚਾਲ ਦਾ ਕੇਂਦਰ ਦੱਖਣੀ ਰਾਜ ਗੁਰੇਰੋ (Guerrero) ਵਿੱਚ ਸੈਨ ਮਾਰਕੋਸ ਸ਼ਹਿਰ ਦੇ ਨੇੜੇ ਪ੍ਰਸ਼ਾਂਤ ਤੱਟ 'ਤੇ ਸਥਿਤ ਮਸ਼ਹੂਰ ਅਕਾਪੁਲਕੋ ਰਿਜ਼ੌਰਟ ਦੇ ਕੋਲ ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਮੈਕਸੀਕੋ ਸਿਟੀ ਅਤੇ ਅਕਾਪੁਲਕੋ ਵਿੱਚ ਮੌਜੂਦ ਸੈਲਾਨੀ ਅਤੇ ਸਥਾਨਕ ਲੋਕ ਬਦਹਵਾਸ ਹੋ ਕੇ ਆਪਣੇ ਘਰਾਂ ਅਤੇ ਹੋਟਲਾਂ ਤੋਂ ਬਾਹਰ ਸੜਕਾਂ ਵੱਲ ਭੱਜੇ।
ਨੁਕਸਾਨ ਦੀ ਤਾਜ਼ਾ ਸਥਿਤੀ
ਰਾਸ਼ਟਰਪਤੀ ਸ਼ੀਨਬਾਮ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਦੁਬਾਰਾ ਪ੍ਰੈੱਸ ਬ੍ਰੀਫਿੰਗ ਸ਼ੁਰੂ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਗੁਰੇਰੋ ਦੀ ਗਵਰਨਰ ਐਵਲਿਨ ਸਾਲਗਾਡੋ ਨਾਲ ਗੱਲਬਾਤ ਕੀਤੀ ਹੈ। ਸਰੋਤਾਂ ਮੁਤਾਬਕ, ਹੁਣ ਤੱਕ ਇਸ ਭੂਚਾਲ ਕਾਰਨ ਕਿਸੇ ਵੀ ਜਾਨੀ ਜਾਂ ਕਿਸੇ ਵੱਡੇ ਗੰਭੀਰ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
