ਬ੍ਰਿਟੇਨ 'ਚ ਸਿੱਖ ਫ਼ੌਜੀਆਂ ਦੇ ਸਨਮਾਨ 'ਚ ਬਣੇ 'ਬੁੱਤ' ਦਾ ਉਦਘਾਟਨ
Monday, Oct 31, 2022 - 10:25 AM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਵਿਸ਼ਵ ਭਰ ਵਿਚ ਹੋਏ ਸੰਘਰਸ਼ਾਂ ਦੌਰਾਨ ਬ੍ਰਿਟੇਨ ਲਈ ਲੜਨ ਵਾਲੇ ਸਿੱਖਾਂ ਦੇ ਸਨਮਾਨ ਲਈ ਐਤਵਾਰ ਨੂੰ ਯੂਕੇ ਦੇ ਸ਼ਹਿਰ ਲੈਸਟਰ ਵਿੱਚ ਇੱਕ ਸਿੱਖ ਫ਼ੌਜੀ ਦੇ 'ਬੁੱਤ' ਦਾ ਉਦਘਾਟਨ ਕੀਤਾ ਗਿਆ। ਬੀਬੀਸੀ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਵਿਕਟੋਰੀਆ ਪਾਰਕ ਵਿੱਚ ਇੱਕ ਗ੍ਰੇਨਾਈਟ ਪਲੇਟਫਾਰਮ 'ਤੇ ਇੱਕ ਸਿੱਖ ਸੈਨਿਕ ਦੀ ਕਾਂਸੀ ਦੀ ਮੂਰਤੀ ਪ੍ਰਦਰਸ਼ਿਤ ਕੀਤੀ ਗਈ।
ਸਿੱਖ ਸੈਨਿਕ ਵਾਰ ਮੈਮੋਰੀਅਲ ਕਮੇਟੀ ਨੇ ਕਿਹਾ ਕਿ ਇਹ ਪਹਿਲਾਂ ਹੀ ਮੌਜੂਦ ਜੰਗੀ ਯਾਦਗਾਰਾਂ ਦੀ ਪੂਰਤੀ ਕਰੇਗੀ। ਰਿਪੋਰਟ ਵਿੱਚ ਕਿਹਾ ਗਿਆ ਕਿ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਬ੍ਰਿਟਿਸ਼ ਭਾਰਤੀ ਫ਼ੌਜ ਵਿੱਚ 20 ਪ੍ਰਤੀਸ਼ਤ ਤੋਂ ਵੱਧ ਗਿਣਤੀ ਸਿੱਖਾਂ ਦੀ ਸੀ। ਇਹ ਬੁੱਤ ਕਲਾਕਾਰ ਤਰਨਜੀਤ ਸਿੰਘ ਵੱਲੋਂ ਬਣਾਇਆ ਗਿਆ ਹੈ ਅਤੇ ਇਸ ਦੀ ਅਦਾਇਗੀ ਸਿੱਖ ਭਾਈਚਾਰਾ ਕੌਂਸਲ ਵੱਲੋਂ ਦਿੱਤੀ ਗਈ ਰਾਸ਼ੀ ਅਤੇ ਸਿੱਖ ਸੰਗਤਾਂ ਵੱਲੋਂ ਦਿੱਤੇ ਦਾਨ ਨਾਲ ਕੀਤੀ ਗਈ ਹੈ।
ਸਿੱਖ ਸੈਨਿਕ ਵਾਰ ਮੈਮੋਰੀਅਲ ਕਮੇਟੀ ਦੇ ਚੇਅਰਮੈਨ ਅਜਮੇਰ ਸਿੰਘ ਬਸਰਾ ਨੇ ਕਿਹਾ ਕਿ ਸਾਨੂੰ ਇਸ ਯਾਦਗਾਰ ਦਾ ਉਦਘਾਟਨ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਜਿਸ ਨੇ ਉਨ੍ਹਾਂ ਸਾਰੇ ਬਹਾਦਰਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਹਜ਼ਾਰਾਂ ਮੀਲ ਦਾ ਸਫ਼ਰ ਇੱਕ ਕੌਮ ਲਈ ਲੜਨ ਲਈ ਕੀਤਾ, ਜੋ ਉਨ੍ਹਾਂ ਦਾ ਆਪਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਬੁੱਤ ਉਨ੍ਹਾਂ ਸਿੱਖਾਂ ਲਈ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਲੈਸਟਰ ਸ਼ਹਿਰ ਨੂੰ ਆਪਣਾ ਘਰ ਬਣਾਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਈਰਾਨ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ 'ਚ ਕੈਨੇਡੀਅਨ ਪ੍ਰਦਰਸ਼ਨਕਾਰੀਆਂ 'ਚ ਹੋਏ ਸ਼ਾਮਲ (ਵੀਡੀਓ)
ਲੈਸਟਰ ਸਿਟੀ ਕੌਂਸਲ ਦੇ ਮੈਂਬਰ ਪਿਆਰਾ ਸਿੰਘ ਕਲੇਰ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਸਾਡੇ ਸ਼ਹਿਰ ਦੀ ਸਫਲਤਾ ਵਿੱਚ ਕਈ ਦਹਾਕਿਆਂ ਤੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਵਿਕਟੋਰੀਆ ਪਾਰਕ ਵਿੱਚ ਇੱਕ ਸਿੱਖ ਯਾਦਗਾਰੀ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਦਾ ਵਿਚਾਰ ਅਤੇ ਕਲਪਨਾ ਮਰਹੂਮ ਕੌਂਸਲਰ ਕੁਲਦੀਪ ਸਿੰਘ ਭੱਟੀ ਐਮ.ਬੀ.ਈ. ਨੇ ਕੀਤੀ ਸੀ। ਇਹ ਪਾਰਕ ਵਿੱਚ ਸਥਿਤ ਹੋਰ ਸਮਾਰਕਾਂ ਦੇ ਨਾਲ-ਨਾਲ ਸਿੱਖ ਸੈਨਿਕਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰੇਗਾ।ਇਸ ਤੋਂ ਪਰਦਾ ਹਟਾਉਣ ਦੀ ਰਸਮ ਐਤਵਾਰ ਨੂੰ ਡੀ ਮੌਂਟਫੋਰਟ ਹਾਲ ਵਿਖੇ ਹੋਈ ਅਤੇ ਹਥਿਆਰਬੰਦ ਸੈਨਾਵਾਂ ਦੇ ਨੁਮਾਇੰਦਿਆਂ ਸਮੇਤ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ। .
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।