ਗਲਾਸਗੋ: ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਘਰ ਨੇ ਗੁਰਪੁਰਬ ਸਬੰਧੀ ਸਜਾਇਆ ਨਗਰ ਕੀਰਤਨ

Monday, Nov 03, 2025 - 08:56 AM (IST)

ਗਲਾਸਗੋ: ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਘਰ ਨੇ ਗੁਰਪੁਰਬ ਸਬੰਧੀ ਸਜਾਇਆ ਨਗਰ ਕੀਰਤਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਗੁਰਦੁਆਰਾ ਐਲਬਰਟ ਡਰਾਈਵ ਤੋਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਸੁੰਦਰ ਪਾਲਕੀ ਸਾਹਿਬ ਸੇਂਟ ਐਂਡਰਿਊ ਡਰਾਈਵ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂਘਰ ਵੱਲ ਨੂੰ ਚਾਲੇ ਪਾਏ। ਗੁਰੂਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਗਗਨਦੀਪ ਸਿੰਘ ਦੇ ਜੱਥੇ ਵੱਲੋਂ ਸਾਰੇ ਰਾਹ ਸ਼ਬਦ ਕੀਰਤਨ ਰਾਹੀਂ ਫਿਜ਼ਾਵਾਂ ਸੰਗੀਤਮਈ ਕਰ ਦਿੱਤੀਆਂ ਗਈਆਂ। ਸੰਗਤਾਂ ਵੱਲੋਂ ਕੀਤਾ ਜਾ ਰਿਹਾ ਜਾਪ ਵੱਖਰਾ ਹੀ ਮਾਹੌਲ ਸਿਰਜ ਰਿਹਾ ਸੀ।

PunjabKesari

ਇਹ ਨਗਰ ਕੀਰਤਨ ਇਸ ਗੱਲੋਂ ਵੀ ਵਿਲੱਖਣ ਸੀ ਕਿ ਪੈਂਡਾ ਬਹੁਤਾ ਜ਼ਿਆਦਾ ਨਹੀਂ ਸੀ ਅਤੇ ਹੋਰਨਾਂ ਸ਼ਹਿਰਾਂ ਵਾਂਗ ਰਸਤਿਆਂ ਦੇ ਪੜਾਵਾਂ ਵਿੱਚ ਸੰਗਤਾਂ ਵੱਲੋਂ ਪਕਵਾਨ ਤਿਆਰ ਨਹੀਂ ਕੀਤੇ ਜਾ ਰਹੇ ਸਨ, ਸਿਰਫ ਤੇ ਸਿਰਫ ਪਹਿਲਾਂ ਤਿਆਰ ਕੀਤੇ ਪਕਵਾਨ ਹੀ ਸੰਗਤ ਨੂੰ ਵਰਤਾਏ ਗਏ ਤਾਂ ਕਿ ਵਿਸਾਖੀ ਨਗਰ ਕੀਰਤਨ ਵੇਲੇ ਸਾਊਥਾਲ ਵਿੱਚ ਵਾਪਰੀ ਘਟਨਾ ਵਾਂਗ ਕੋਈ ਹੋਰ ਘਟਨਾ ਨਾ ਵਾਪਰੇ।

PunjabKesari

ਜਿਉਂ ਹੀ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂਘਰ ਪਹੁੰਚਿਆ ਤਾਂ ਮੁੱਖ ਸੇਵਾਦਾਰ ਕੁਲਵੰਤ ਸਿੰਘ ਗੌਰਡਨ, ਗਿਆਨੀ ਹਰਪਾਲ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਤੇ ਸੰਗਤ ਨੇ ਨਗਰ ਕੀਰਤਨ ਦਾ ਜੋਸ਼ੀਲਾ ਸਵਾਗਤ ਕੀਤਾ। ਇਸ ਉਪਰੰਤ ਨਗਰ ਕੀਰਤਨ ਨੇ ਵਾਪਸ ਐਲਬਰਟ ਡਰਾਈਵ ਵੱਲ ਨੂੰ ਚਾਲੇ ਪਾ ਦਿੱਤੇ। ਐਲਬਰਟ ਡਰਾਈਵ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਆਦਿ ਦੇ ਕੀਤੇ ਪ੍ਰਬੰਧ ਦੀ ਸੰਗਤ ਵੱਲੋਂ ਤਾਰੀਫ ਕੀਤੀ ਜਾ ਰਹੀ ਸੀ। ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਜ਼ਾਹਿਰ ਕਰ ਰਹੀ ਸੀ ਕਿ ਕਮੇਟੀ ਵੱਲੋਂ ਝੂਲੇ ਲਗਾਉਣ ਦਾ ਫੈਸਲਾ ਕਿੰਨਾ ਸਹੀ ਸੀ।

PunjabKesari

ਨੌਜਵਾਨ ਕਾਰੋਬਾਰੀਆਂ ਵੱਲੋਂ ਰਲ-ਮਿਲ ਕੇ ਗੁਰੂਘਰ ਦੀ ਹਦੂਦ ਅੰਦਰ ਲਗਾਏ ਲੰਗਰਾਂ 'ਤੇ ਸੰਗਤ ਦੀ ਰੌਣਕ ਲਗਾਤਾਰ ਬਣੀ ਰਹੀ। ਗੋਲ ਗੱਪਿਆਂ, ਚਾਟ ਪਾਪੜੀ ਤੇ ਦਹੀਂ ਭੱਲਿਆਂ ਦੇ ਸਟਾਲਾਂ 'ਤੇ ਨਵਜੋਤ ਗੋਸਲ, ਲਖਵੀਰ ਸਿੰਘ ਸਿੱਧੂ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਤਰਸੇਮ ਕੁਮਾਰ, ਦੁੱਲਾ ਰਾਏ, ਚੰਨੀ ਵਿਰਕ, ਸਾਬੀ, ਦੀਪ ਗਿੱਲ, ਜੱਸਾ ਤੂਰ, ਹਰਪ੍ਰੀਤ ਧਾਲੀਵਾਲ, ਅੰਸ਼ ਪੁੰਜ ਆਦਿ ਸਾਥੀਆਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਸੇਵਾ ਕਾਰਜ ਨਿਭਾਏ ਗਏ।

PunjabKesari

ਗੁਰੂਘਰ ਦੇ ਮੰਚ ਤੋਂ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ, ਜਨਰਲ ਸਕੱਤਰ ਪ੍ਰਭਜੋਤ ਕੌਰ ਵਿਰ੍ਹੀਆ ਨੇ ਸੰਬੋਧਨ ਕਰਦਿਆਂ ਸਮੂਹ ਸੰਗਤ ਨੂੰ ਗੁਰਪੁਰਬ ਨਗਰ ਕੀਰਤਨ ਦੀ ਹਾਰਦਿਕ ਵਧਾਈ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News