ਫੁੱਟਬਾਲ ਮੈਚ ’ਚ ਰੈਫਰੀ ਦੇ ਫੈਸਲੇ ’ਤੇ ਭੜਕੇ ਦਰਸ਼ਕ, 100 ਦੀ ਮੌਤ
Tuesday, Dec 03, 2024 - 05:56 AM (IST)
ਕੋਨਾਕਰੀ (ਗਿਨੀ) - ਅਫ਼ਰੀਕਾ ਦੇ ਸ਼ਹਿਰ ਗਿਨੀ ’ਚ ਫੁੱਟਬਾਲ ਮੈਚ ਲੋਕਾਂ ਲਈ ਕਾਲ ਬਣ ਗਿਆ। ਐਤਵਾਰ ਨੂੰ ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਐੱਨ’ਜ਼ੇਰੇਕੋਰ ’ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਹੋਈ ਹਿੰਸਾ ਵਿਚ 100 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ। ਕਈ ਹੋਰ ਜ਼ਖਮੀ ਹੋਏ ਹਨ।
ਇਸ ਹਾਦਸੇ ਦਾ ਕਾਰਨ ਰੈਫਰੀ ਦਾ ਗਲਤ ਫੈਸਲਾ ਦੱਸਿਆ ਜਾ ਰਿਹਾ ਹੈ, ਜਿਸ ਫੈਸਲੇ ਤੋਂ ਪ੍ਰਸ਼ੰਸਕ ਸਹਿਮਤ ਨਹੀਂ ਸਨ। ਚਸ਼ਮਦੀਦਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਭੀੜ ਨੇ ਸੜਕਾਂ ’ਤੇ ਹਿੰਸਾ ਭੜਕਣ ਤੋਂ ਬਾਅਦ ਐੱਨ’ਜ਼ੇਰੇਕੋਰ ਪੁਲਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ। ਚਸ਼ਮਦੀਦਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੇਸ਼ ਦੇ ਹਸਪਤਾਲਾਂ ਵਿਚ ਐਮਰਜੈਂਸੀ ਵਰਗਾ ਮਾਹੌਲ ਹੈ। ਇਕ ਡਾਕਟਰ ਨੇ ਕਿਹਾ ਕਿ ਜਿੱਥੇ ਤੱਕ ਅੱਖ ਦੇਖ ਸਕਦੀ ਹੈ ਹਸਪਤਾਲ ਵਿਚ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਹਨ।
ਇਹ ਮੈਚ ਗਿਨੀ ਦੇ ਰਾਸ਼ਟਰਪਤੀ ਮਾਮਾਦੀ ਡੌਮਬੌਆ ਦੇ ਸਨਮਾਨ ਵਿਚ ਆਯੋਜਿਤ ਇਕ ਟੂਰਨਾਮੈਂਟ ਦਾ ਹਿੱਸਾ ਸੀ, ਜਿਸ ਨੇ 2021 ਵਿਚ ਇਕ ਤਖਤਾਪਲਟ ਕੇ ਸੱਤਾ ਸੰਭਾਲੀ ਸੀ। ਮੰਨਿਆ ਜਾਂਦਾ ਹੈ ਕਿ ਡੌਮਬੌਆ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਦੇਸ਼ ਵਿਚ ਉਸ ਦੇ ਆਊਟਰੀਚ ਪ੍ਰੋਗਰਾਮ ਦਾ ਹਿੱਸਾ ਹਨ।