ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ
Sunday, Nov 14, 2021 - 03:46 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਅਤੇ ਪੰਜਾਬੀ ਪ੍ਰੈੱਸ ਕਲੱਬ ਮੈਲਬੌਰਨ ਦੇ ਸਾਂਝੇ ਸਹਿਯੋਗ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਇਆ ਕਰਨ ਸਿੰਘ ਜੀ ਨੇ ਅਰਦਾਸ ਨਾਲ ਕੀਤੀ।
ਉਪਰੰਤ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ, ਸਾਖੀਆਂ ਅਤੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਵਾਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਗੁਰੂ ਸਾਹਿਬਾਨ ਤੋਂ ਵਰੋਸਾਈ ਮਾਂ ਬੋਲੀ ਪੰਜਾਬੀ ਦੇ ਵੱਖ ਵੱਖ ਪਹਿਲੂਆਂ 'ਤੇ ਚਾਨਣਾ ਪਾਇਆ। ਨੌਜਵਾਨ ਬੁਲਾਰੇ ਗੁਰਤੇਜ ਸਿੰਘ ਸਮਰਾ ਨੇ ਗੁਰਬਾਣੀ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਬੋਲੀ ਬਚਾਉਣ ਲਈ ਊੜੇ ਅਤੇ ਜੂੜੇ ਦੇ ਸਿਧਾਂਤ 'ਤੇ ਪਹਿਰਾ ਦੇਣ ਦੀ ਵਿਸ਼ੇਸ਼ ਲੋੜ
ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨ ਲੋਕ ਪੈਸਿਆਂ ਲਈ ਕਰ ਰਹੇ ਨਵਜੰਮੀਆਂ ਬੱਚੀਆਂ ਦਾ ਸੌਦਾ, ਯੂਨੀਸੈਫ ਨੇ ਜਤਾਈ ਚਿੰਤਾ
ਹੈੱਡ ਗ੍ਰੰਥੀ ਭਾਈ ਦਇਆ ਕਰਨ ਸਿੰਘ ਨੇ ਗੁਰੂ ਸਹਿਬਾਨ ਦੇ ਜੀਵਨ ਅਤੇ ਪੈਂਤੀ ਅੱਖਰੀ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਬਾਰੇ ਦੱਸਦਿਆਂ ਧਰਮ ਅਤੇ ਬੋਲੀ ਪ੍ਰਤੀ ਸੁਚੇਤ ਹੋਣ ਦਾ ਹੋਕਾ ਦਿੱਤਾ। ਇਸ ਮੌਕੇ ਹਾਜ਼ਰ ਸਕੂਲੀ ਬੱਚਿਆਂ ਅਤੇ ਆਏ ਹੋਏ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੰਚ ਸੰਚਾਲਣ ਦੀ ਸੇਵਾ ਸੁਖਜੀਤ ਸਿੰਘ ਔਲਖ ਅਤੇ ਅਮਰਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ।