ਪ੍ਰਸਿੱਧ ਪੰਜਾਬੀ ਅਦਾਕਾਰਾ ਮੈਡਮ ਗੁਰਪ੍ਰੀਤ ਭੰਗੂ ਦਾ ਵਿਸ਼ੇਸ਼ ਸਨਮਾਨ

Wednesday, Oct 02, 2024 - 04:20 PM (IST)

ਪ੍ਰਸਿੱਧ ਪੰਜਾਬੀ ਅਦਾਕਾਰਾ ਮੈਡਮ ਗੁਰਪ੍ਰੀਤ ਭੰਗੂ ਦਾ ਵਿਸ਼ੇਸ਼ ਸਨਮਾਨ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੰਜਾਬੀ ਥੀਏੇਟਰ ਐਂਡ ਫੋਕ ਅਕੈਡਮੀ ਮੈਲਬੌਰਨ ਵੱਲੋਂ ਬੀਤੇ ਦਿਨ ਪੰਜਾਬੀ ਦੇ ਉੱਘੀ ਰੰਗਕਰਮੀ ਤੇ ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਭੰਗੂ ਜੀ ਨਾਲ ਵਿਸ਼ੇਸ਼ ਮਿਲਣੀ ਦਾ ਆਯੋਜਨ ਬੈਲਜੀਓ ਰਿਸੈਪਸ਼ਨ ਐਪਿੰਗ ਵਿਖੇ ਕੀਤਾ ਗਿਆ। ਮੈਡਮ ਗੁਰਪ੍ਰੀਤ ਭੰਗੂ ਜੀ ਅਮਰਦੀਪ ਕੌਰ ਹੋਰਾਂ ਵੱਲੋਂ ਲਿਖੀ ਤੇ ਹਰਮੰਦਰ ਕੰਗ , ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੀ ਟੀਮ ਅਤੇ ਇਸਦੇ ਵਿਦਿਆਰਥੀਆਂ ਵੱਲੋਂ ਨਿਭਾਏ ਰੋਲ ਤੇ ਸਹਿਯੋਗ ਨਾਲ ਬਨਣ ਜਾ ਰਹੀ ਲਘੂ ਫਿਲਮ ਬੀਜ ਵਿੱਚ ਕਿਰਦਾਰ ਨਿਭਾਉਣ ਲਈ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਪਹੁੰਚੇ ਹੋਏ ਹਨ ।

ਇਸ ਛੋਟੇ ਪਰ ਬਹੁਤ ਹੀ ਭਾਵਪੂਰਨ ਸਮਾਗਮ ਮੌਕੇ ਮੈਡਮ ਭੰਗੂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਬਹੁਤ ਹੀ ਸਿੱਖਿਆਦਾਇਕ ਤਰੀਕੇ ਨਾਲ ਆਏ ਹੋਏ ਦਰਸ਼ਕਾਂ ਦੇ ਸਨਮੁਖ ਕੀਤੇ। ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਮੈਡਮ ਭੰਗੂ ਦਾ ਮੋਮੈਂਟੋ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਿੱਥੇ ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੇ ਬੱਚਿਆਂ ਨੇ ਕੁਝ ਵੰਨਗੀਆਂ ਦਰਸ਼ਕਾਂ ਦੇ ਸਨਮੁਖ ਕੀਤੀਆਂ, ਉੱਥੇ ਹੀ ਬਾਗ਼ੀ ਭੰਗੂ ਵੱਲੋਂ ਗਾਏ ਬਹੁਤ ਹੀ ਖ਼ੂਬਸੂਰਤ ਗੀਤ “ਹਮੀਦਿਆ'' ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਪੰਜਾਬੀਆਂ ਲਈ ਖੁਸ਼ਖ਼ਬਰੀ, ਕੈਨੇਡੀਅਨਾਂ ਦੇ ਇਸ ਫ਼ੈਸਲੇ ਨਾਲ ਮਿਲੇਗੀ ਵੱਡੀ ਰਾਹਤ

ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਪ੍ਰਧਾਨ ਹਰਮਨਦੀਪ ਸਿੰਘ ਬੋਪਾਰਾਏ ਨੇ ਕਿਹਾ ਕਿ ਉਹ ਮੈਡਮ ਭੰਗੂ ਹੋਰਾਂ ਨੂੰ ਸਨਮਾਨਤ ਕਰਦਿਆਂ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮੈਲਬੌਰਨ ਦੇ ਪ੍ਰਮੁੱਖ ਪੰਜਾਬੀ ਮੀਡੀਆ ਤੋਂ ਇਲਾਵਾ ਹੋਰ ਵੀ ਕਈ ਸਿਰਕੱਢ ਹਸਤੀਆਂ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਕਿਰਪਾਲ ਸਿੰਘ , ਹਰਮੰਦਰ ਕੰਗ ਤੇ ਅਮਰਦੀਪ ਕੌਰ ਜੋ ਕਿ ਖੁਦ ਪੰਜਾਬੀ ਮੀਡੀਆ ਦੀ ਸਿਰਮੌਰ ਸ਼ਖਸੀਅਤ ਹਨ, ਵੱਲੋਂ ਮੈਡਮ ਭੰਗੂ ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਏਥੇ ਦੇ ਜੰਮਪਲ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੀ ਰੱਖਣ ਲਈ ਉਹ ਹੋਰ ਵੀ ਸੰਜੀਦਗੀ ਨਾਲ ਕੰਮ ਕਰਦੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News