ਗੁਰੂ ਅਮਰ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਿਨਸਿਨਾਟੀ ਵਿਖੇ ਸਜੇ ਵਿਸ਼ੇਸ਼ ਦੀਵਾਨ (ਤਸਵੀਰਾਂ)
Monday, May 30, 2022 - 12:10 PM (IST)
ਸਿਨਸਿਨਾਟੀ,ੳਹਾਇੳ (ਰਾਜ ਗੋਗਨਾ)- ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹਨਾਂ ਦੋ ਦਿਨਾਂ ਸਮਾਗਮਾਂ ‘ਤੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਅਤੇ ਵਿਦਵਾਨ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਨੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਕਥਾ ਵਿਚਾਰ ਕੀਤੀ। ਉਹਨਾਂ ਗੁਰੁ ਸਾਹਿਬ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ।
ਗੁਰਦੂਆਰਾ ਸਾਹਿਬ ਦੇ ਕੀਰਤਨੀ ਜੱਥੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ ਤੇ ਭਾਈ ਨਿਰਮਲ ਸਿੰਘ ਨੇ ਵੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਪਿੰਦਰਪਾਲ ਸਿੰਘ ਜੀ ਨੂੰ ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖ਼ੁਸ਼ਖ਼ਤ ਲਿਖਾਈਕਾਰ ਰਣਜੀਤ ਸਿੰਘ ਪੁੰਨ ਨੇ ਹੱਥ ਦੇ ਨਾਲ ਬਣੇ ਈਜੀਪਸ਼ੀਅਨ ਕਾਗਜ਼ ਤੇ ਹੱਥ ਲਿਖਤ ਗੁਰਮੁਖੀ ਵਰਨ-ਮਾਲਾ ਵਾਲੀ ਤਸਵੀਰ ਭਾਈ ਪਿੰਦਰਪਾਲ ਸਿੰਘ ਜੀ ਨੂੰ ਭੇਂਟ ਕੀਤੀ। ਇਹ ਮਿਸਰ ਤੋਂ ਬਣਿਆ ਕਾਗਜ਼ ਜੋ ਹਜ਼ਾਰਾਂ ਸਾਲਾਂ ਤੱਕ ਖ਼ਰਾਬ ਨਹੀਂ ਹੁੰਦਾ।
ਪੜ੍ਹੋ ਇਹ ਅਹਿਮ ਖ਼ਬਰ - ਸਰੀ 'ਚ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਲਈ ਨੌਜਵਾਨ ਉੱਤਰੇ ਸੜਕਾਂ 'ਤੇ (ਤਸਵੀਰਾਂ)
ਇਹਨਾਂ ਵਿਸ਼ੇਸ਼ ਸਮਾਗਮਾਂ ਵਿੱਚ ਸਿਨਸਿਨਾਟੀ ਦੇ ਲਾਗਲੇ ਸ਼ਹਿਰਾਂ ਡੇਟਨ, ਕੋਲੰਬਸ, ਕੈਨਟੱਕੀ, ਇੰਡੀਆਨਾ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ ਲਈ ਚੱਲੇ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ ਅਤੇ ਸੰਗਤ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ ਗਿਆ।