ਸਪੇਨ ਨੇ ਵਾਈਟ ਹਾਊਸ ਵਲੋਂ ਸਪੈਨਿਸ਼ ਭਾਸ਼ਾ ਵਾਲੀ ਵੈੱਬਸਾਈਟ ਹਟਾਉਣ ''ਤੇ ਚਿੰਤਾ ਕੀਤੀ ਪ੍ਰਗਟ
Tuesday, Jan 24, 2017 - 12:36 PM (IST)
ਬਰਸਲੋਨਾ— ਸਪੇਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ''ਚ ਆਉਣ ਮਗਰੋਂ ਵਾਈਟ ਹਾਊਸ ਦੀ ਸਪੈਨਿਸ਼ ਭਾਸ਼ਾ ਵਾਲੀ ਵੈੱਬਸਾਈਟ ਨੂੰ ਹਟਾਉਣ ''ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਹਿਸਪੈਨਿਕ ਲੋਕਾਂ ਦੀ (ਅਮਰੀਕਾ ''ਚ ਰਹਿ ਰਹੇ ਲਾਤੀਨੀ ਮੂਲ ਦੇ ਲੋਕ) ਕਰੋੜਾਂ ਦੀ ਆਬਾਦੀ ਵਾਲੇ ਦੇਸ਼ ''ਚ ਇਸ ਨੂੰ ਹਟਾਉਣਾ ਚੰਗਾ ਵਿਚਾਰ ਨਹੀਂ ਹੈ।
ਫਿਲਹਾਲ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਇਸ ਚਿੰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ''ਚ ਕਿਹਾ ਕਿ ਵੈੱਬਸਾਈਟ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ,''ਅਸੀਂ ਵੈੱਬਸਾਈਟ ਨੂੰ ਲਗਾਤਾਰ ਬਣਾ ਰਹੇ ਹਾਂ। ਸਾਡੇ ਕੋਲ ਸਪੈਨਿਸ਼ ਭਾਸ਼ਾ ਦੇ ਅਡੀਸ਼ਨ ਫਿਰ ਤੋਂ ਆਉਣ ਲੱਗੇ ਹਨ। ਸਾਡੇ ਕੋਲ ਆਈ. ਟੀ. ਕਰਮਚਾਰੀਆਂ ਦੀ ਟੀਮ ਹੈ, ਜੋ ਵਧ ਸਮਾਂ ਦੇ ਕੇ ਕੰਮ ਕਰ ਰਹੀ ਹੈ ਤਾਂਕਿ ਵੈੱਬਸਾਈਟ ਦੀ ਸਪੀਡ ਵਧੀਆ ਹੋ ਸਕੇ। ਇਸ ''ਚ ਥੋੜਾ ਹੋਰ ਸਮਾਂ ਲੱਗੇਗਾ ਪਰ ਅਸੀਂ ਪੜਾਅ (ਸਟੈੱਪ) ਬਣਾ ਕੇ ਕੰਮ ਕਰ ਰਹੇ ਹਾਂ।'' ਇਸ ਤੋਂ ਪਹਿਲਾਂ ਸਪੇਨ ਦੇ ਵਿਦੇਸ਼ ਮੰਤਰੀ ਅਲਫੋਂਸੋ ਦਾਸਿਤਸ ਨੇ ਵੈੱਬਸਾਈਟ ਤੋਂ ਅਚਾਨਕ ਗਾਇਬ ਹੋਣ ''ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਦੱਸਿਆ ਸੀ ਕਿ ਇਸ ਦੇਸ਼ ''ਚ 5 ਕਰੋੜ 20 ਲੱਖ ਲੋਕ ਸਪੈਨਿਸ਼ ਭਾਸ਼ਾ ਬੋਲਦੇ ਹਨ।
