ਸਪੇਨ 'ਚ ਦੂਜੀ ਵਾਰ ਕਿਸਾਨਾਂ ਦੇ ਹੱਕ 'ਚ ਗੱਡੀਆਂ ਦੇ ਕਾਫਲੇ ਨਾਲ ਪੰਜਾਬੀਆਂ ਨੇ ਕੱਢੀ ਰੈਲੀ
Wednesday, Dec 09, 2020 - 04:15 PM (IST)
ਬਾਰਸੀਲੋਨਾ, (ਰਾਜੇਸ਼)- ਜਿੱਥੇ ਪੂਰੇ ਵਿਸ਼ਵ ਭਰ ਵਿਚ ਕਿਸਾਨਾਂ ਦੇ ਹੱਕ ਵਿਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਉੱਥੇ ਹੀ ਯੂਰਪੀ ਦੇਸ਼ ਸਪੇਨ ਵਿਚ ਵੱਸਦੇ ਪੰਜਾਬੀਆਂ ਨੇ ਵੀ ਕਿਸਾਨਾਂ ਦੀ ਹਿਮਾਇਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਮੰਗਲਵਾਰ ਨੂੰ ਬਾਰਸੀਲੋਨਾ ਵਿਚ ਪੰਜਾਬੀ ਪ੍ਰਵਾਸੀਆਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅਤੇ ਕਿਸਾਨਾਂ ਦੀ ਹਿਮਾਇਤ ਕਰਦਿਆਂ ਆਪਣੇ ਵਾਹਨਾਂ 'ਤੇ ਰੈਲੀ ਕੱਢੀ। ਇਸ ਦੌਰਾਨ ਲਗਭਗ 600 ਤੋਂ ਵੱਧ ਵਾਹਨਾਂ ਦੇ ਕਾਫਲੇ ਨਾਲ ਉਨ੍ਹਾਂ ਪੂਰੇ ਬਾਰਸੀਲੋਨਾ ਵਿਚ ਪ੍ਰਦਰਸ਼ਨ ਕੀਤਾ । ਪੰਜਾਬੀਆਂ ਨੇ ਨਾਅਰੇ ਲਗਾਉਂਦਿਆਂ ਮੰਗ ਕੀਤੀ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਇਸ ਰੈਲੀ ਵਿਚ ਨੌਜਵਾਨਾਂ ਤੋਂ ਇਲਾਵਾ ਬੀਬੀਆਂ ਸਣੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ। ਉੱਥੇ ਹੀ, ਮੁਟਿਆਰਾਂ ਨੇ ਵੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਸਾਰਿਆਂ ਨੇ ਹੱਥਾਂ ਵਿਚ ਬੈਨਰ ਅਤੇ ਪੋਸਟਰ ਫੜੇ ਹੋਏ ਸਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਲਈ ਭਾਰਤ ਸੱਦਿਆ ਜਾਵੇਗਾ ਤਾਂ ਉਹ ਇਸ ਲਈ ਵੀ ਤਿਆਰ ਹਨ।
ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਏਕਤਾ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਹੱਕ ਲੈਣ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਇਤਿਹਾਸ ਰਚਣਗੇ। ਸਪੇਨ ਪੁਲਸ ਵਲੋਂ ਕਿਸੇ ਨੂੰ ਵੀ ਰੈਲੀ ਦੌਰਾਨ ਜੁਰਮਾਨਾ ਨਹੀਂ ਕੀਤਾ ਗਿਆ। ਰੈਲੀ ਦੀ ਸਮਾਪਤੀ ਵਿਚ ਅਨਤੋਲਾ ਰੈਸਟੋਰੈਂਟ ਦੇ ਮਾਲਕ ਵਤਨਦੀਪ ਅਤੇ ਮਨਜੀਤ ਵਲੋਂ ਰੈਲੀ ਕਰਨ ਵਾਲਿਆਂ ਲਈ ਸਮੋਸਿਆਂ ਦਾ ਲੰਗਰ ਵੀ ਲਾਇਆ ਗਿਆ।