ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀਆਂ ਵਧੀਆਂ ਮੁਸ਼ਕਲਾਂ, ਸੰਸਦ ''ਚ ਮਹਾਦੋਸ਼ ਚਲਾਉਣ ਦੇ ਮਤੇ ''ਤੇ ਵੋਟਿੰਗ
Saturday, Dec 14, 2024 - 03:33 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਖਿਲਾਫ ਮਹਾਦੋਸ਼ ਚਲਾਉਣ ਦੇ ਮਤੇ ‘ਤੇ ਸ਼ਨੀਵਾਰ ਨੂੰ ਸੰਸਦ ‘ਚ ਵੋਟਿੰਗ ਹੋਈ, ਜਿਸ ਦੇ ਸਮਰਥਨ ‘ਚ 204, ਜਦੋਂਕਿ ਵਿਰੋਧ ‘ਚ 85 ਵੋਟਾਂ ਪਈਆਂ। ਯੂਨ ਨੇ 3 ਦਸੰਬਰ ਨੂੰ ਦੇਸ਼ 'ਚ ਮਾਰਸ਼ਲ ਲਾਅ ਲਗਾਉਣ ਦਾ ਹੁਕਮ ਦਿੱਤਾ ਸੀ, ਜਿਸ ਕਾਰਨ ਦੇਸ਼ 'ਚ ਸਿਆਸੀ ਉਥਲ-ਪੁਥਲ ਮਚ ਗਈ ਸੀ। ਅਧਿਕਾਰੀ ਉਨ੍ਹਾਂ 'ਤੇ ਲੱਗੇ ਬਗਾਵਤ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਮਹਾਦੋਸ਼ ਸਬੰਧੀ ਦਸਤਾਵੇਜ਼ਾਂ ਦੀਆਂ ਕਾਪੀਆਂ ਯੂਨ ਅਤੇ ਸੰਵਿਧਾਨਕ ਅਦਾਲਤ ਨੂੰ ਸੌਂਪੇ ਜਾਣ ਤੋਂ ਬਾਅਦ ਯੂਨ ਦੀਆਂ ਰਾਸ਼ਟਰਪਤੀ ਸਬੰਧੀ ਸ਼ਕਤੀਆਂ ਅਤੇ ਕਰਤੱਵਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਐਪ ਸਟੋਰ ਤੋਂ 'TikTok' ਨੂੰ ਹਟਾਉਣ ਦੀ ਕਰੋ ਤਿਆਰੀ: ਅਮਰੀਕੀ MPs ਨੇ ਗੂਗਲ ਤੇ ਐਪਲ ਨੂੰ ਲਿਖੀ ਚਿੱਠੀ
ਅਦਾਲਤ ਕੋਲ ਇਹ ਫੈਸਲਾ ਕਰਨ ਲਈ 180 ਦਿਨ ਹਨ ਕਿ ਯੂਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣਾ ਹੈ ਜਾਂ ਨਹੀਂ। ਜੇਕਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ 60 ਦਿਨਾਂ ਦੇ ਅੰਦਰ ਆਮ ਚੋਣਾਂ ਕਰਾਉਣੀਆਂ ਪੈਣਗੀਆਂ। ਇਹ ਦੂਜੀ ਵਾਰ ਹੈ ਜਦੋਂ ਸੰਸਦ ਨੇ ਯੂਨ ਦੇ ਖਿਲਾਫ ਮਹਾਦੋਸ਼ ਮਤੇ 'ਤੇ ਵੋਟਿੰਗ ਕੀਤੀ ਹੈ। ਬੀਤੇ ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ, ਜਿਸ ਕਾਰਨ ਯੂਨ ਨੂੰ ਕੁਝ ਰਾਹਤ ਮਿਲੀ ਸੀ। ਸੱਤਾਧਾਰੀ ਪੀਪਲ ਪਾਵਰ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਉਦੋਂ ਕਿਹਾ ਸੀ ਕਿ ਉਹ ਦੂਜੀ ਵਾਰ ਵੋਟਿੰਗ ਵਿੱਚ ਹਿੱਸਾ ਲੈਣਗੇ। ਯੂਨ ਦੇ ਮਾਰਸ਼ਲ ਲਾਅ ਲਗਾਉਣ ਦੇ ਆਦੇਸ਼ ਦੇ ਖਿਲਾਫ ਦੱਖਣੀ ਕੋਰੀਆ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ, ਜਦੋਂ ਕਿ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਵੀ ਕਾਫ਼ੀ ਗਿਰਾਵਟ ਆਈ। ਪਿਛਲੇ ਦੋ ਹਫ਼ਤਿਆਂ ਤੋਂ ਹਰ ਰਾਤ, ਹਜ਼ਾਰਾਂ ਲੋਕ ਕੜਾਕੇ ਦੀ ਠੰਡ ਦਾ ਸਾਹਮਣਾ ਕਰਦੇ ਹੋਏ ਰਾਜਧਾਨੀ ਸਿਓਲ ਦੀਆਂ ਸੜਕਾਂ 'ਤੇ ਉਤਰੇ ਹੋਏ ਹਨ ਅਤੇ ਯੂਨ ਨੂੰ ਅਹੁਦੇ ਤੋਂ ਹਟਾਉਣ ਅਤੇ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8