ਕੋਰੋਨਾ ਨਾਲ ਮਹਾਤਮਾ ਗਾਂਧੀ ਦੇ ਪੜਪੋਤੇ ਦੀ ਮੌਤ, ਦੱਖਣੀ ਅਫਰੀਕਾ ''ਚ ਲਿਆ ਆਖਰੀ ਸਾਹ
Monday, Nov 23, 2020 - 06:07 PM (IST)
ਜੋਹਾਨਸਬਰਗ (ਬਿਊਰੋ): ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕੀ ਪੋਤੇ ਸਤੀਸ਼ ਧੁਪੇਲੀਆ ਦੀ ਕੋਰੋਨਾਵਾਇਰਸ ਬੀਮਾਰੀ ਨਾਲ ਜੋਹਾਨਸਬਰਗ ਵਿਚ ਮੌਤ ਹੋ ਗਈ। ਉਹਨਾਂ ਨੇ ਐਤਵਾਰ ਨੂੰ ਆਖਰੀ ਸਾਹ ਲਿਆ। ਪਰਿਵਾਰ ਦੇ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਕਿ ਧੁਪੇਲੀਆ ਦਾ ਤਿੰਨ ਦਿਨ ਪਹਿਲਾਂ 66ਵਾਂ ਜਨਮਦਿਨ ਸੀ। ਧੁਪੇਲੀਆ ਦੀ ਭੈਣ ਉਮਾ ਧੁਪੇਲੀਆ ਮੇਸਥ੍ਰੀਨ ਨੇ ਕੋਰੋਨਾਵਾਇਰਸ ਨਾਲ ਆਪਣੇ ਭਰਾ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਉਹਨਾਂ ਨੇ ਦੱਸਿਆ ਹੈ ਕਿ ਸਤੀਸ਼ ਧੁਪੇਲੀਆ ਦਾ ਇਕ ਮਹੀਨੇ ਤੋਂ ਹਸਪਤਾਲ ਵਿਚ ਨਿਮੋਨੀਆ ਦਾ ਇਲਾਜ ਚੱਲ ਰਿਹਾ ਸੀ। ਇਸੇ ਦੌਰਾਨ ਉਹ ਕੋਰੋਨਾ ਦੀ ਚਪੇਟ ਵਿਚ ਆ ਗਏ ਸਨ।
ਉਮਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ,''ਮੇਰੇ ਭਰਾ ਦਾ ਨਿਮੋਨੀਆ ਹੋਣ ਦੇ ਇਕ ਮਹੀਨੇ ਬਾਅਦ ਬੀਮਾਰੀ ਦੇ ਕਾਰਨ ਮੌਤ ਹੋ ਗਈ। ਉਹ ਹਸਪਤਾਲ ਵਿਚ ਇਲਾਜ ਦੇ ਦੌਰਾਨ ਸੁਪਰਬਗ ਦੇ ਸੰਪਰਕ ਵਿਚ ਆਏ ਅਤੇ ਫਿਰ ਉਹਨਾਂ ਨੂੰ ਕੋਵਿਡ-19 ਇਨਫੈਕਸ਼ਨ ਵੀ ਹੋ ਗਿਆ। ਉਹਨਾਂ ਨੂੰ ਸ਼ਾਮ ਦੇ ਸਮੇਂ ਦਿਲ ਦਾ ਦੌਰਾ ਪਿਆ। ਉਮਾ ਦੇ ਇਲਾਵਾ ਸਤੀਸ਼ ਧੁਪੇਲੀਆ ਦੀ ਇਕ ਹੋਰ ਭੈਣ ਹੈ ਜਿਸ ਦਾ ਨਾਮ ਕੀਰਤੀ ਮੇਨਨ ਹੈ। ਉਹ ਵੀ ਜੋਹਾਨਸਬਰਗ ਵਿਚ ਰਹਿੰਦੀ ਹੈ। ਇੱਥੇ ਉਹ ਮਹਾਤਮਾ ਗਾਂਧੀ ਨੂੰ ਯਾਦ ਨੂੰ ਸਨਮਾਨਿਤ ਕਰਨ ਵਾਲੇ ਵਿਭਿੰਨ ਪ੍ਰਾਜੈਕਟਾਂ ਵਿਚ ਸਰਗਰਮ ਹੈ। ਇਹ ਤਿੰਨੇ ਭੈਣ-ਭਰਾ ਮਣੀਲਾਲ ਗਾਂਧੀ ਦੇ ਵੰਸ਼ਜ ਹਨ, ਜਿਹਨਾਂ ਨੂੰ ਮਹਾਤਮਾ ਗਾਂਧੀ ਨੇ ਦੋ ਦਹਾਕੇ ਬਿਤਾਉਣ ਦੇ ਬਾਅਦ ਭਾਰਤ ਪਰਤਣ ਦੇ ਸਮੇਂ ਆਪਣਾ ਕੰਮ ਜਾਰੀ ਰੱਖਣ ਦੇ ਲਈ ਦੱਖਣੀ ਅਫਰੀਕਾ ਵਿਚ ਛੱਡ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਨਾਈਜੀਰੀਆ : ਮਸਜਿਦ 'ਚ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ, 5 ਦੀ ਮੌਤ ਤੇ 18 ਲੋਕ ਅਗਵਾ
ਧੁਪੇਲੀਆ ਦੀ ਗੱਲ ਕਰੀਏ ਤਾਂ ਉਹ ਮੀਡੀਆ ਵਿਚ ਜ਼ਿਆਦਾ ਸਰਗਰਮ ਰਹੇ ਹਨ। ਉਹਨਾਂ ਨੇ ਵੀਡੀਓਗ੍ਰਾਫਰ ਅਤੇ ਫੋਟੋਗ੍ਰਾਫਰ ਦੇ ਤੌਰ 'ਤੇ ਕੰਮ ਕੀਤਾ। ਉਹ ਡਰਬਨ ਦੇ ਨੇੜੇ ਫੀਨਿਕਸ ਸੈਟਲਮੈਂਟ ਵਿਚ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਣ ਦੇ ਲਈ ਗਾਂਧੀ ਵਿਕਾਸ ਟਰੱਸਟ ਦੀ ਮਦਦ ਕਰਨ ਵਿਚ ਵੀ ਬਹੁਤ ਸਰਗਰਮ ਰਹੇ। ਉਹ ਸਾਰੇ ਭਾਈਚਾਰਿਆਂ ਵਿਚ ਲੋੜਵੰਦਾਂ ਦੀ ਮਦਦ ਦੇ ਲਈ ਮਸ਼ਹੂਰ ਸਨ ਅਤੇ ਕਈ ਸਮਾਜਿਕ ਕਲਿਆਣ ਸੰਗਠਨਾਂ ਵਿਚ ਸਰਗਰਮ ਸਨ। ਉਹਨਾਂ ਦੀ ਮੌਤ ਦੇ ਬਾਅਦ ਪਰਿਵਾਰ ਦੇ ਮੈਂਬਰ ਅਤੇ ਦੋਸਤ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।