ਨੇਪਾਲ ''ਚ ਕੁਦਰਤ ਦਾ ਕਹਿਰ! ਭਾਰੀ ਬਰਫ਼ਬਾਰੀ ਕਾਰਨ ਮੁਸਤਾਂਗ ਦੇ 5 ਮੁੱਖ ਟ੍ਰੈਕਿੰਗ ਰੂਟ ਬੰਦ

Thursday, Jan 29, 2026 - 03:57 PM (IST)

ਨੇਪਾਲ ''ਚ ਕੁਦਰਤ ਦਾ ਕਹਿਰ! ਭਾਰੀ ਬਰਫ਼ਬਾਰੀ ਕਾਰਨ ਮੁਸਤਾਂਗ ਦੇ 5 ਮੁੱਖ ਟ੍ਰੈਕਿੰਗ ਰੂਟ ਬੰਦ

ਕਾਠਮੰਡੂ (ਏਜੰਸੀ) : ਜੇਕਰ ਤੁਸੀਂ ਨੇਪਾਲ ਦੇ ਪਹਾੜਾਂ ਵਿੱਚ ਟ੍ਰੈਕਿੰਗ ਦਾ ਪਲਾਨ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਨੇਪਾਲ ਦੇ ਪ੍ਰਸਿੱਧ ਸੈਰ-ਸਪਾਟਾ ਖੇਤਰ ਮੁਸਤਾਂਗ ਵਿੱਚ ਹੋਈ ਭਾਰੀ ਬਰਫ਼ਬਾਰੀ ਕਾਰਨ ਪ੍ਰਸ਼ਾਸਨ ਨੇ ਉੱਚਾਈ ਵਾਲੇ 5 ਪ੍ਰਮੁੱਖ ਟ੍ਰੈਕਿੰਗ ਰੂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਖ਼ਰਾਬ ਮੌਸਮ ਅਤੇ ਰਸਤਿਆਂ 'ਤੇ ਜੰਮੀ ਕਈ ਫੁੱਟ ਬਰਫ਼ ਕਾਰਨ ਸੈਲਾਨੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਇਹ 5 ਮੁੱਖ ਰੂਟ ਕੀਤੇ ਗਏ ਬੰਦ

ਪ੍ਰਸ਼ਾਸਨ ਨੇ ਥੋਰੋਂਗ ਲਾ ਦੱਰਾ, ਸਰੀਬੁੰਗ ਦੱਰਾ, ਮੇਸੋ ਕੁੰਡੋ ਦੱਰਾ, ਮੁਸਤਾਂਗ ਨੂੰ ਡੋਲਪਾ ਨਾਲ ਜੋੜਨ ਵਾਲੇ ਯਕਖਰਕ ਮਾਰਗ ਅਤੇ ਮਿਆਂਗਦੀ ਅਤੇ ਮੁਸਤਾਂਗ ਨੂੰ ਜੋੜਨ ਵਾਲੇ ਧੌਲਾਗਿਰੀ ਟ੍ਰੈਕਿੰਗ ਰੂਟ ਟ੍ਰੈਕਿੰਗ ਰੋਕ ਦਿੱਤੀ ਹੈ।

4 ਫੁੱਟ ਤੱਕ ਜੰਮੀ ਬਰਫ਼, ਬਚਾਅ ਕਾਰਜ ਹੋਏ ਮੁਸ਼ਕਿਲ

ਮੁਸਤਾਂਗ ਦੀ ਮੁੱਖ ਜ਼ਿਲ੍ਹਾ ਅਧਿਕਾਰੀ ਅਜੀਤਾ ਸ਼ਰਮਾ ਨੇ ਦੱਸਿਆ ਕਿ ਗੁਆਂਢੀ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਇਹ ਰਸਤੇ ਹੁਣ ਜਾਨਲੇਵਾ ਸਾਬਤ ਹੋ ਸਕਦੇ ਹਨ। ਰਿਪੋਰਟਾਂ ਅਨੁਸਾਰ ਕੁਝ ਥਾਵਾਂ 'ਤੇ 4 ਫੁੱਟ ਤੱਕ ਬਰਫ਼ ਜਮ੍ਹਾਂ ਹੋ ਚੁੱਕੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸੈਲਾਨੀ ਇਨ੍ਹਾਂ ਰਸਤਿਆਂ 'ਤੇ ਫਸ ਜਾਂਦਾ ਹੈ, ਤਾਂ ਅਜਿਹੇ ਮੌਸਮ ਵਿੱਚ ਬਚਾਅ ਮੁਹਿੰਮ ਚਲਾਉਣੀ ਲਗਭਗ ਅਸੰਭਵ ਹੋਵੇਗੀ।

ਮੁਕਤੀਨਾਥ ਜਾਣ ਵਾਲੇ ਸ਼ਰਧਾਲੂਆਂ 'ਤੇ ਅਸਰ

ਹਰ ਸਾਲ ਹਜ਼ਾਰਾਂ ਸ਼ਰਧਾਲੂ ਮੁਸਤਾਂਗ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਮੁਕਤੀਨਾਥ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਬਰਫ਼ਬਾਰੀ ਅਤੇ ਮੀਂਹ ਕਾਰਨ ਇਲਾਕੇ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਲ ਅਤੇ ਮੌਸਮ ਵਿਗਿਆਨ ਵਿਭਾਗ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਜ਼ਰੂਰ ਲੈਣ।


author

cherry

Content Editor

Related News