ਅਮਰੀਕਾ ਦੇ ਜੰਗਲਾਂ ਦੀ ਅੱਗ ਦਾ ਸੇਕ ਪੁੱਜਾ ਕੈਨੇਡਾ, ਇਸ ਸੂਬੇ ''ਚ ਐਡਵਾਇਜ਼ਰੀ ਜਾਰੀ

Monday, Sep 14, 2020 - 02:28 AM (IST)

ਅਮਰੀਕਾ ਦੇ ਜੰਗਲਾਂ ਦੀ ਅੱਗ ਦਾ ਸੇਕ ਪੁੱਜਾ ਕੈਨੇਡਾ, ਇਸ ਸੂਬੇ ''ਚ ਐਡਵਾਇਜ਼ਰੀ ਜਾਰੀ

ਟੋਰਾਂਟੋ - ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਤੱਟ ਦੇ ਜੰਗਲਾਂ ਵਿਚ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ, ਜਿਸ ਦਾ ਸੇਕ ਹੁਣ ਕੈਨੇਡਾ ਵਿਚ ਪੁੱਜਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਦੇ ਪੱਛਮੀ ਤੱਟ ਨੇੜੇ ਲੱਗੀ ਅੱਗ ਕਾਰਣ ਕੈਨੇਡਾ ਦੇ ਕੁਝ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ, ਜਿਸ ਕਾਰਣ ਵਾਤਾਵਰਣ ਕੈਨੇਡਾ ਵਲੋਂ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਸੀ.ਟੀ.ਵੀ. ਨਿਊਜ਼ ਕੈਨੇਡਾ ਵਲੋਂ ਦਿੱਤੀ ਗਈ ਹੈ।

PunjabKesari

ਵਾਤਾਵਰਣ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿਚ ਹਵਾ ਦੀ ਖਰਾਬ ਗੁਣਵੱਤਾ ਦੇ ਚੱਲਦੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਕਿਉਂਕਿ ਇਸ ਕਾਰਣ ਕਈ ਸ਼ਹਿਰਾਂ ਦੇ ਲੋਕਾਂ ਲਈ ਸਿਹਤ ਸਬੰਧੀ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਵਾਸ਼ਿੰਗਟਨ ਅਤੇ ਓਰੇਗਨ ਦੀ ਜੰਗਲੀ ਅੱਗ ਦੇ ਧੂੰਏ ਕਾਰਣ ਸ਼ਨੀਵਾਰ ਨੂੰ ਮੈਟਰੋ ਵੈਨਕੂਵਰ ਵਿਚ ਵੀ ਲਗਾਤਾਰ 5ਵੇਂ ਦਿਨ ਹੈਲਥ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। ਤਾਜ਼ਾ ਜਾਰੀ ਐਡਵਾਇਜ਼ਰੀ ਵਿਚ ਲਿਖਿਆ ਗਿਆ ਹੈ ਕਿ ਪੱਛਮੀ ਅਮਰੀਕਾ ਵਿਚ ਜੰਗਲੀ ਅੱਗ ਦੇ ਧੂੰਏ ਕਾਰਣ ਲੰਬੀ ਦੂਰੀ 'ਤੇ ਮੌਜੂਦ ਵੈਨਕੂਵਰ ਆਈਲੈਂਡ, ਲੋਅਰ ਮੇਨਲੈਂਡ ਅਤੇ ਹੋਰ ਕਈ ਅੰਦਰੂਨੀ ਹਿੱਸੇ ਪ੍ਰਭਾਵਿਤ ਹੋਏ ਹਨ। ਵਰਲਡ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਹਾਲਾਤ ਇਸ ਤਰ੍ਹਾਂ ਖਰਾਬ ਹੋ ਰਹੇ ਹਨ ਕਿ ਵੈਨਕੂਵਰ ਵਿਸ਼ਵ ਦੀ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਵਾਲੇ ਸ਼ਹਿਰਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਿਆ ਹੈ।

PunjabKesari

ਵਾਤਾਵਰਣ ਏਜੰਸੀ ਨੇ ਦੱਸਿਆ ਕਿ ਧੂੰਏ ਦਾ ਅਸਰ ਅਗਲੇ 24 ਤੋਂ 72 ਘੰਟਿਆਂ ਤੱਕ ਬਣਿਆ ਰਹਿ ਸਕਦਾ ਹੈ ਤੇ ਐਤਵਾਰ ਨੂੰ ਹਾਲਾਤ ਹੋਰ ਖਰਾਬ ਰਹਿ ਸਕਦੇ ਹਨ। ਅਲਬਰਟਾ ਵਿਚ ਹਵਾ ਦੀ ਗੁਣਵੱਤਾ ਸਬੰਧੀ ਅਜੇ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਹੈ। ਹਾਲਾਂਕਿ ਸੂਬੇ ਦੇ ਵਾਤਾਵਰਣ ਵਿਭਾਗ ਦਾ ਮੰਨਣਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਸੂਬੇ ਵਿਚ ਹਾਲਾਤ ਬਦਲ ਸਕਦੇ ਹਨ। ਵਾਤਾਵਰਣ ਕੈਨੇਡਾ ਦਾ ਏਅਰ ਕੁਆਲਿਟੀ ਹੈਲਥ ਇੰਡੈਕਸ ਦੇਸ਼ ਵਿਚ ਹਵਾ ਦੀ ਗੁਣਵੱਤਾ ਮਾਪਦਾ ਹੈ। ਸ਼ਨੀਵਾਰ ਨੂੰ ਹੈਲਥ ਕੈਨੇਡਾ ਨੇ ਟਵਿੱਟਰ 'ਤੇ ਇਕ ਪੋਸਟ ਕਰਕੇ ਜੰਗਲਾਂ ਦੀ ਅੱਗ ਨਾਲ ਵੱਧ ਰਹੇ ਧੂੰਏਂ ਨੂੰ ਦੇਖਦਿਆਂ ਕੈਨੇਡੀਅਨਾਂ ਨੂੰ ਸਾਵਧਾਨ ਰਹਿਣ ਲਈ ਸਲਾਹ ਦਿੱਤੀ ਸੀ।

PunjabKesari

ਪ੍ਰਭਾਵਿਤ ਇਲਾਕਿਆਂ ਵਿਚ ਹਾਲਾਤਾਂ ਦੇ ਮੱਦੇਨਜ਼ਰ ਕੈਨੇਡੀਅਨਾਂ ਨੂੰ ਘੱਟ ਤੋਂ ਘੱਟ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹਣ, ਵਧੇਰੇ ਪਾਣੀ ਪੀਣ ਤੇ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਘਟਾਉਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਦੇ ਜੰਗਲਾਂ ਦੀ ਅੱਗ ਕੈਲੀਫੋਰਨੀਆ ਪਾਰ ਕਰਕੇ ਵਾਸ਼ਿੰਗਟਨ ਤੇ ਓਰੇਗਨ ਤੱਕ ਪਹੁੰਚ ਗਈ ਹੈ। ਨਾਸਾ ਮੁਤਾਬਕ ਅੱਗ ਤੋਂ ਉੱਠਿਆ ਧੂੰਆ 2000 ਕਿਲੋਮੀਟਰ ਤੋਂ ਵਧੇਰੇ ਦਾ ਸਫਰ ਤੈਅ ਕਰ ਚੁੱਕਿਆ ਹੈ ਤੇ ਪ੍ਰਸ਼ਾਂਤ ਮਹਾਸਾਗਰ ਵੱਲ ਵੱਧ ਰਿਹਾ ਹੈ।


author

Baljit Singh

Content Editor

Related News