ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਅਡਾਨੀ ਵਿਰੁੱਧ ਮੁਕੱਦਮੇ ਸਬੰਧੀ ਨਵੇਂ ਅਟਾਰਨੀ ਜਨਰਲ ਨੂੰ ਲਿਖਿਆ ਪੱਤਰ
Tuesday, Feb 11, 2025 - 12:01 PM (IST)
![ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਅਡਾਨੀ ਵਿਰੁੱਧ ਮੁਕੱਦਮੇ ਸਬੰਧੀ ਨਵੇਂ ਅਟਾਰਨੀ ਜਨਰਲ ਨੂੰ ਲਿਖਿਆ ਪੱਤਰ](https://static.jagbani.com/multimedia/2024_10image_17_59_124070450adanigautam.jpg)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਨਵੇਂ ਨਿਯੁਕਤ ਅਟਾਰਨੀ ਜਨਰਲ ਨੂੰ ਅਮਰੀਕੀ ਨਿਆਂ ਵਿਭਾਗ (ਡੀਓਜੇ) ਵੱਲੋਂ ਲਏ ਗਏ "ਸ਼ੱਕੀ" ਫੈਸਲਿਆਂ ਵਿਰੁੱਧ ਇੱਕ ਪੱਤਰ ਲਿਖਿਆ ਹੈ। ਇਨ੍ਹਾਂ ਵਿੱਚ ਕਥਿਤ ਰਿਸ਼ਵਤਖੋਰੀ ਘੁਟਾਲੇ ਵਿੱਚ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਵਿਰੁੱਧ ਮੁਕੱਦਮਾ ਵੀ ਸ਼ਾਮਲ ਹੈ। ਪੱਤਰ ਵਿੱਚ, ਸੰਸਦ ਮੈਂਬਰਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਇਸ ਨਾਲ ਨਜ਼ਦੀਕੀ ਸਹਿਯੋਗੀ ਭਾਰਤ ਨਾਲ ਸਬੰਧ ਖਤਰੇ ਵਿੱਚ ਪੈ ਸਕਦੇ ਹਨ।
ਲਾਂਸ ਗੁਡੇਨ, ਪੈਟ ਫੈਲਨ, ਮਾਈਕ ਹੈਰੀਡੋਪੋਲੋਸ, ਬ੍ਰੈਂਡਨ ਗਿੱਲ, ਵਿਲੀਅਮ ਆਰ. ਟਿਮੰਸ ਅਤੇ ਬ੍ਰਾਇਨ ਬਾਬਿਨ ਨੇ 10 ਫਰਵਰੀ ਨੂੰ ਅਮਰੀਕੀ ਅਟਾਰਨੀ ਜਨਰਲ ਪਾਮੇਲਾ ਬੇਦੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ "ਜੋਅ ਬਾਈਡੇਨ ਪ੍ਰਸ਼ਾਸਨ ਦੇ ਅਧੀਨ ਡੀਓਜੇ ਵੱਲੋਂ ਲਏ ਗਏ ਕੁਝ ਸ਼ੱਕੀ ਫੈਸਲਿਆਂ ਵੱਲ" ਧਿਆਨ ਖਿੱਚਿਆ ਗਿਆ। ਅਮਰੀਕੀ ਵਕੀਲਾਂ ਨੇ ਉਦਯੋਗਪਤੀ ਗੌਤਮ ਅਡਾਨੀ 'ਤੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ।
ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਇਹ ਜਾਣਕਾਰੀ ਅਮਰੀਕੀ ਬੈਂਕਾਂ ਅਤੇ ਨਿਵੇਸ਼ਕਾਂ ਤੋਂ ਲੁਕਾਈਗਈ ਸੀ, ਜਿਨ੍ਹਾਂ ਤੋਂ ਅਡਾਨੀ ਸਮੂਹ ਨੇ ਇਸ ਪ੍ਰੋਜੈਕਟ ਲਈ ਅਰਬਾਂ ਡਾਲਰ ਇਕੱਠੇ ਕੀਤੇ ਸਨ। ਅਮਰੀਕੀ ਕਾਨੂੰਨ ਵਿਦੇਸ਼ੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੈਰਵੀ ਕਰਨ ਦੀ ਇਜਾਜ਼ਤ ਦਿੰਦਾ ਹੈ ,ਬਸ਼ਰਤੇ ਕਿ ਉਹਨਾਂ ਦਾ ਅਮਰੀਕੀ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਕੋਈ ਸਬੰਧ ਹੋਵੇ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।