ਸ਼ੰਘਾਈ ''ਚ 6 ਹਜ਼ਾਰ ਹੋਰ ਲੋਕਾਂ ਨੂੰ ਆਈਸੋਲੇਸ਼ਨ ਤੋਂ ਮਿਲੀ ਰਾਹਤ
Wednesday, Apr 13, 2022 - 05:17 PM (IST)
ਬੀਜਿੰਗ (ਏਜੰਸੀ)- ਸ਼ੰਘਾਈ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 6 ਹਜ਼ਾਰ ਹੋਰ ਲੋਕਾਂ ਨੂੰ ਕੇਂਦਰੀ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿੱਥੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ। ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਚੀਨ ਦੇ ਸਭ ਤੋਂ ਵੱਡੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਲਗਾਤਾਰ ਤੀਜੇ ਦਿਨ ਵੀ ਤਾਲਾਬੰਦੀ ਲਾਗੂ ਰਹੀ।
ਮੰਗਲਵਾਰ ਨੂੰ ਸ਼ਹਿਰ ਦੀ 2.5 ਕਰੋੜ ਆਬਾਦੀ ਵਿੱਚੋਂ ਲਗਭਗ 66 ਲੱਖ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਪਰ ਕੁਝ ਆਪਣੇ ਆਂਢ-ਗੁਆਂਢ ਤੱਕ ਹੀ ਸੀਮਤ ਰਹੇ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸ਼ੰਘਾਈ ਵਿੱਚ ਵਾਇਰਸ ਦੇ ਓਮੀਕਰੋਨ ਰੂਪ ਨਾਲ ਸੰਕਰਮਣ ਦੇ ਮਾਮਲੇ ਅਜੇ ਵੀ ਕਾਬੂ ਵਿੱਚ ਨਹੀਂ ਹਨ। ਸ਼ਹਿਰ ਦੇ ਸਿਹਤ ਬਿਊਰੋ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਦਿਨ ਪਹਿਲਾਂ 6,044 ਲੋਕਾਂ ਨੂੰ ਆਈਸੋਲੇਸ਼ਨ ਤੋਂ ਬਾਹਰ ਜਾਣ ਅਤੇ ਘਰ ਪਰਤਣ ਦੀ ਇਜਾਜ਼ਤ ਦਿੱਤੀ ਗਈ, ਹਾਲਾਂਕਿ ਸਿਹਤ ਨਿਗਰਾਨੀ ਜਾਰੀ ਰਹੇਗੀ।