ਸਿੰਗਾਪੁਰ ਦੇ ਮੰਤਰੀ ਨੇ ਲੋਕਾਂ ਨੂੰ ਸੰਭਾਵੀ ਅੱਤਵਾਦੀ ਘਟਨਾ ਲਈ ਮਾਨਸਿਕ ਤੌਰ ''ਤੇ ਤਿਆਰ ਰਹਿਣ ਦੀ ਦਿੱਤੀ ਚੇਤਾਵਨੀ
Tuesday, Feb 11, 2025 - 03:46 PM (IST)

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੇ ਕਾਨੂੰਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੇ. ਸ਼ਨਮੁਗਮ ਨੇ ਮੰਗਲਵਾਰ ਨੂੰ ਲੋਕਾਂ ਨੂੰ ਸੰਭਾਵਿਤ ਅੱਤਵਾਦੀ ਘਟਨਾ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਦੇਸ਼ ਵਿੱਚ ਹੋਰ ਕੱਟੜਪੰਥੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਤਰੀ ਨੇ ਇਹ ਚੇਤਾਵਨੀ ਹਾਲ ਹੀ ਵਿਚ ਇੱਕ ਨਾਬਾਲਗ, ਇੱਕ ਘਰੇਲੂ ਔਰਤ ਅਤੇ ਇੱਕ ਸਫਾਈ ਕਰਮਚਾਰੀ ਨਾਲ ਸਬੰਧਤ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਦਿੱਤੀ, ਜਿਨ੍ਹਾਂ ਵਿਰੁੱਧ ਉਨ੍ਹਾਂ ਦੀਆਂ ਕੱਟੜਪੰਥੀ ਸਾਜ਼ਿਸ਼ਾਂ ਲਈ ਅੰਦਰੂਨੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਇਹ ਟਿੱਪਣੀਆਂ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਫੋਰਟ ਕੈਨਿੰਗ ਨੇੜੇ ਸ੍ਰੀ ਥੇਂਦਯੁਥਾਪਾਨੀ ਮੰਦਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀਆਂ।
ਹਿੰਦੂ ਸ਼ਰਧਾਲੂ ਇਸ ਮੰਦਰ ਵਿੱਚ ਥਾਈਪੁਸਮ 2025 ਮਨਾ ਰਹੇ ਸਨ, ਜੋ ਕਿ ਭਗਵਾਨ ਮੁਰੂਗਨ ਦੇ ਸਨਮਾਨ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਥਾਈਪੁਸਮ ਇੱਕ ਤਿਉਹਾਰ ਹੈ ਜੋ ਸਿੰਗਾਪੁਰ, ਮਲੇਸ਼ੀਆ ਅਤੇ ਭਾਰਤ ਦੇ ਦੱਖਣੀ ਹਿੱਸਿਆਂ ਵਿੱਚ ਤਾਮਿਲ ਮੂਲ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਦਿ ਸਟ੍ਰੇਟਸ ਟਾਈਮਜ਼ ਅਖਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ, "ਇਹ ਤੀਜਾ ਨੌਜਵਾਨ ਹੈ ਜਿਸ ਵਿਰੁੱਧ ਅਸੀਂ ਹੁਣ ਸੱਜੇ-ਪੱਖੀ ਕੱਟੜਪੰਥੀ ਵਿਚਾਰਧਾਰਾ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ। ਉਹ ਨਸਲੀ ਸਮੱਗਰੀ ਤੋਂ ਪ੍ਰਭਾਵਿਤ ਸੀ।"