ਅਮਰੀਕਾ 'ਚ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
Friday, Apr 14, 2023 - 02:42 PM (IST)
ਨਿਊਯਾਰਕ (ਏਜੰਸੀ): ਅਮਰੀਕਾ ਵਿਖੇ ਪੈਨਸਿਲਵੇਨੀਆ ਦੇ ਇਕ ਸਿੱਖ ਗੁਰਦੁਆਰਾ ਸਾਹਿਬ ਦੇ 64 ਸਾਲਾ ਸੇਵਾਦਾਰ ਨੂੰ ਇਕ ਬੱਚੀ ਨੂੰ ਘੱਟੋ-ਘੱਟ ਸੱਤ ਸਾਲਾਂ ਤੱਕ ‘ਅਣਉਚਿਤ ਤਰੀਕੇ ਨਾਲ ਛੂਹਣ’ ਦੇ ਮਾਮਲੇ ਵਿਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਿਨਸੀ ਸ਼ੋਸ਼ਣ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਬੱਚੀ ਪੰਜ ਸਾਲ ਦੀ ਸੀ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਡੇਲਾਵੇਅਰ ਸਥਿਤ ਡੇਲੀ ਟਾਈਮਜ਼ ਅਖ਼ਬਾਰ ਨੇ ਦੱਸਿਆ ਕਿ ਕਿ ਡੇਲਾਵੇਅਰ ਕਾਉਂਟੀ ਦੇ ਡ੍ਰੈਕਸਲ ਹਿੱਲ ਦੇ ਬਲਵਿੰਦਰ ਸਿੰਘ 'ਤੇ ਹਾਲ ਹੀ ਵਿੱਚ ਇੱਕ ਨਾਬਾਲਗਾ ਨਾਲ ਗੈਰ-ਕਾਨੂੰਨੀ ਸੰਪਰਕ ਕਰਨ, 13 ਸਾਲ ਤੋਂ ਘੱਟ ਉਮਰ ਦੀ ਬੱਚੀ 'ਤੇ ਅਸ਼ਲੀਲ ਹਮਲੇ ਅਤੇ ਬੱਚੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਗਏ ਸਨ।
ਅੱਪਰ ਡਾਰਬੀ ਸਪੈਸ਼ਲ ਇਨਵੈਸਟੀਗੇਸ਼ਨ ਦੇ ਜਾਸੂਸ ਕੇਵਿਨ ਨੈਪ ਦੁਆਰਾ ਲਿਖੇ ਹਲਫਨਾਮੇ ਦੇ ਅਨੁਸਾਰ ਪੀੜਤਾ ਜੋ ਹੁਣ ਇੱਕ ਬਾਲਗ ਹੈ, ਨੇ ਇਸ ਸਾਲ 24 ਜਨਵਰੀ ਨੂੰ "ਇਨਸਾਫ ਦੀ ਮੰਗ" ਦੇ ਇਰਾਦੇ ਨਾਲ ਪੁਲਸ ਹੈੱਡਕੁਆਰਟਰ 'ਤੇ ਕਥਿਤ ਹਮਲੇ ਦੀ ਰਿਪੋਰਟ ਕੀਤੀ ਸੀ। ਇੱਕ ਦਰਜ ਕੀਤੇ ਬਿਆਨ ਵਿੱਚ ਉਸਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਉਦੋਂ ਸ਼ੁਰੂ ਹੋਇਆ, ਜਦੋਂ ਉਹ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਭਜਨ ਦੀਆਂ ਕਲਾਸਾਂ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਕੁੜੀ ਨੇ ਦੱਸਿਆ ਕਿ ਉਸਨੇ ਜਨਵਰੀ 2014 ਵਿਚ, ਜਦੋਂ ਉਹ 12 ਸਾਲ ਦੀ ਸੀ ਉਦੋਂ ਸਕੂਲ ਦੇ ਇੱਕ ਸਟਾਫ ਮੈਂਬਰ ਨਾਲ ਕਥਿਤ ਹਮਲੇ ਬਾਰੇ ਗੱਲ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਮਾਂ ਨੇ ਇਕ 'ਨੋਟ' ਨਾਲ ਕਲੀਨਿਕ 'ਚ ਛੱਡਿਆ ਸੱਤ ਦਿਨਾਂ ਦਾ ਬੱਚਾ, ਬਣਿਆ ਚਰਚਾ ਦਾ ਵਿਸ਼ਾ
ਉਸਨੇ ਡੇਲਾਵੇਅਰ ਕਾਉਂਟੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਇੱਕ ਜਾਸੂਸ ਨੂੰ ਇੱਕ ਰਿਕਾਰਡ ਕੀਤਾ ਬਿਆਨ ਵੀ ਪ੍ਰਦਾਨ ਕੀਤਾ ਸੀ ਪਰ ਜਾਂਚ ਅੱਗੇ ਨਹੀਂ ਵਧੀ ਕਿਉਂਕਿ ਉਸਦੇ ਪਰਿਵਾਰ ਦਾ ਗੁਰਦੁਆਰਾ ਸਾਹਿਬ ਅਤੇ ਸਿੰਘ ਨਾਲ ਸਮਝੌਤਾ ਹੋ ਗਿਆ ਸੀ। ਹਲਫ਼ਨਾਮੇ ਅਨੁਸਾਰ ਸਮਝੌਤੇ ਮੁਤਾਬਕ ਸਿੰਘ ਦਾ ਕੁੜੀ ਨਾਲ ਕੋਈ ਹੋਰ ਸੰਪਰਕ ਨਹੀਂ ਹੋਵੇਗਾ ਅਤੇ ਪੀੜਤ ਪਰਿਵਾਰ ਅਪਰਾਧਿਕ ਦੋਸ਼ਾਂ ਨੂੰ ਅੱਗੇ ਨਹੀਂ ਲਿਜਾਵੇਗਾ। ਡੇਲੀ ਟਾਈਮਜ਼ ਨੇ ਕਿਹਾ ਕਿ ਡਿਫੈਂਸ ਅਟਾਰਨੀ ਕ੍ਰਿਸ ਬੋਗਸ ਨੇ ਇਸ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਰਿਕਾਰਡ ਮੁਤਾਬਕ ਸਿੰਘ ਨੂੰ ਮੁੱਢਲੇ ਤੌਰ 'ਤੇ ਪਿਛਲੇ ਹਫ਼ਤੇ ਮੈਜਿਸਟ੍ਰੇਟ ਜ਼ਿਲ੍ਹਾ ਜੱਜ ਐਂਡਰਿਊ ਗੋਲਡਬਰਗ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਨੇ 100,000 ਡਾਲਰ ਦੇ 10 ਪ੍ਰਤੀਸ਼ਤ 'ਤੇ ਜ਼ਮਾਨਤ ਦਿੱਤੀ ਸੀ, ਜੋ ਅਦਾਲਤੀ ਰਿਕਾਰਡਾਂ ਅਨੁਸਾਰ ਉਸੇ ਦਿਨ ਪੋਸਟ ਕੀਤੀ ਗਈ ਸੀ। ਉਹ 20 ਅਪ੍ਰੈਲ ਨੂੰ ਗੋਲਡਬਰਗ ਦੇ ਸਾਹਮਣੇ ਮੁਢਲੀ ਸੁਣਵਾਈ ਲਈ ਪੇਸ਼ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।