ਸ਼ੇਖ ਹਸੀਨਾ ''ਤੇ ਫ਼ੈਸਲੇ ਤੋਂ ਪਹਿਲਾਂ ਅਲਰਟ ''ਤੇ ਬੰਗਲਾਦੇਸ਼, ਵਧਾਈ ਗਈ ਸੁਰੱਖਿਆ

Sunday, Nov 16, 2025 - 01:19 PM (IST)

ਸ਼ੇਖ ਹਸੀਨਾ ''ਤੇ ਫ਼ੈਸਲੇ ਤੋਂ ਪਹਿਲਾਂ ਅਲਰਟ ''ਤੇ ਬੰਗਲਾਦੇਸ਼, ਵਧਾਈ ਗਈ ਸੁਰੱਖਿਆ

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਬੰਗਲਾਦੇਸ਼ 'ਚ ਤਖ਼ਤਾਪਲਟ ਤੋਂ ਬਾਅਦ ਤਣਾਅ ਹਾਲੇ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਕਥਿਤ ਤੌਰ 'ਤੇ ਮਨੁੱਖਤਾ ਵਿਰੁੱਧ ਕੀਤੇ ਗਏ ਅਪਰਾਧਾਂ ਦੇ ਇੱਕ ਮਾਮਲੇ ਵਿੱਚ ਵਿਸ਼ੇਸ਼ ਟ੍ਰਿਬਿਊਨਲ ਦੇ ਫੈਸਲੇ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਗ੍ਰਹਿ ਸਲਾਹਕਾਰ ਜਹਾਂਗੀਰ ਆਲਮ ਚੌਧਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿੱਚ ਅਣਸੁਖਾਵੀਂਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ (ICT-BD) 78 ਸਾਲਾ ਹਸੀਨਾ 'ਤੇ ਸੋਮਵਾਰ ਨੂੰ ਫੈਸਲਾ ਸੁਣਾਏਗਾ। ਹਸੀਨਾ, ਉਨ੍ਹਾਂ ਦੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਲ ਅਤੇ ਤਤਕਾਲੀ ਪੁਲਸ ਮੁਖੀ (IGP) ਚੌਧਰੀ ਅਬਦੁੱਲਾ ਅਲ-ਮਾਮੂਨ 'ਤੇ ਪਿਛਲੇ ਸਾਲ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ (ਜੁਲਾਈ ਉੱਠਲ-ਪੁੱਠਲ) ਦੌਰਾਨ ਮਨੁੱਖਤਾ ਵਿਰੁੱਧ ਅਪਰਾਧ ਕਰਨ ਦੇ ਦੋਸ਼ ਲਾਏ ਗਏ ਸਨ। ਦੋਸ਼ਾਂ ਵਿੱਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਤਸ਼ੱਦਦ, ਅਣਮਨੁੱਖੀ ਕਾਰਵਾਈਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਸਫ਼ਾਏ ਦਾ ਹੁਕਮ ਦੇਣਾ ਸ਼ਾਮਲ ਹੈ।

ਇਹ ਵੀ ਪੜ੍ਹੋ- ਗੁਆਂਢੀ ਮੁਲਕ 'ਚ ਵਿਗੜੇ ਹਾਲਾਤ ! 36 ਲੋਕਾਂ ਦੀ ਹੋਈ ਮੌਤ, ਐਮਰਜੈਂਸੀ ਐਲਾਨਣ ਦੀ ਉੱਠੀ ਮੰਗ

ਮੁੱਖ ਸਰਕਾਰੀ ਵਕੀਲ ਮੁਹੰਮਦ ਤਾਜੁਲ ਇਸਲਾਮ ਨੇ ਹਸੀਨਾ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ, ਇਹ ਦੋਸ਼ ਲਗਾਉਂਦੇ ਹੋਏ ਕਿ ਉਹ ਇਨ੍ਹਾਂ ਅਪਰਾਧਾਂ ਦੀ "ਮਾਸਟਰਮਾਈਂਡ ਅਤੇ ਮੁੱਖ ਆਰਕੀਟੈਕਟ" ਸੀ। ਹਾਲਾਂਕਿ ਹਸੀਨਾ ਦੇ ਸਮਰਥਕ ਕਹਿੰਦੇ ਹਨ ਕਿ ਉਨ੍ਹਾਂ ਵਿਰੁੱਧ ਦੋਸ਼ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹਨ। ਜ਼ਿਕਰਯੋਗ ਹੈ ਕਿ ਤਖ਼ਤਾਪਲਟ ਤੋਂ ਬਾਅਦ ਹਸੀਨਾ ਪਿਛਲੇ ਸਾਲ ਅਗਸਤ ਵਿੱਚ ਦੇਸ਼ ਛੱਡ ਕੇ ਭੱਜ ਗਈ ਸੀ ਅਤੇ ਇਸ ਸਮੇਂ ਭਾਰਤ ਵਿੱਚ ਰਹਿ ਰਹੀ ਹੈ। ਟ੍ਰਿਬਿਊਨਲ ਵਿੱਚ ਉਨ੍ਹਾਂ 'ਤੇ ਮੁਕੱਦਮਾ ਗੈਰ-ਹਾਜ਼ਰੀ ਵਿੱਚ ਚਲਾਇਆ ਗਿਆ। 

ਇਸ ਮਾਮਲੇ ਵਿੱਚ ਟ੍ਰਿਬਿਊਨਲ ਨੇ 28 ਤੋਂ ਵੱਧ ਕਾਰਜਕਾਰੀ ਦਿਨਾਂ ਤੱਕ ਸੁਣਵਾਈ ਕੀਤੀ, ਜਿੱਥੇ 54 ਗਵਾਹਾਂ ਨੇ ਅਦਾਲਤ ਦੇ ਸਾਹਮਣੇ ਗਵਾਹੀ ਦਿੱਤੀ। ਇੱਕ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ, ਹਸੀਨਾ ਦੀ ਸਰਕਾਰ ਦੁਆਰਾ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਕਾਰਵਾਈ ਦੇ ਹੁਕਮ ਤੋਂ ਬਾਅਦ ਪਿਛਲੇ ਸਾਲ ਜੁਲਾਈ 15 ਅਤੇ ਅਗਸਤ 15 ਦੇ ਵਿਚਕਾਰ 1,400 ਤੱਕ ਲੋਕ ਮਾਰੇ ਗਏ ਸਨ।


author

Harpreet SIngh

Content Editor

Related News