ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਫ਼ੌਜ ਮੁਖੀ ਦੀ ਨਿਯੁਕਤੀ ''ਤੇ ਨਵਾਜ਼ ਸ਼ਰੀਫ਼ ਨਾਲ ਕਰਨਗੇ ਸਲਾਹ
Sunday, Sep 18, 2022 - 07:34 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਲੰਡਨ ਵਿਚ ਰਹਿ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਵੱਡੇ ਭਰਾ ਨਵਾਜ਼ ਸ਼ਰੀਫ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਨਵੇਂ ਫੌਜ ਮੁਖੀ ਦੀ ਨਿਯੁਕਤੀ ਦਾ ਫੈਸਲਾ ਕਰਨਗੇ। ਮੀਡੀਆ 'ਚ ਆਈ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਨਵਾਜ਼ ਸ਼ਰੀਫ਼ ਨੂੰ ਨਵੰਬਰ 2019 ਵਿੱਚ ਇਲਾਜ ਲਈ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਹ ਮੁੜ ਵਤਨ ਨਹੀਂ ਪਰਤੇ। ਉਹ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਅਤੇ ਘੱਟੋ-ਘੱਟ ਚਾਰ ਸੈਨਾ ਮੁਖੀ ਨਿਯੁਕਤ ਕੀਤੇ।
ਪਾਕਿਸਤਾਨੀ ਫੌਜ ਦੇ ਮੌਜੂਦਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ (61) ਇਸ ਸਾਲ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੇਥ II ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਲੰਡਨ ਪਹੁੰਚੇ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਲੰਡਨ ਦੀ ਆਪਣੀ ਯਾਤਰਾ ਦੌਰਾਨ ਉਹ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰਨਗੇ ਅਤੇ ਅਗਲੇ ਫੌਜ ਮੁਖੀ ਦੀ ਨਿਯੁਕਤੀ ‘ਤੇ ਚਰਚਾ ਕਰਨਗੇ।
ਅਖਬਾਰ ਨੇ ਊਰਜਾ ਮੰਤਰੀ ਖੁਰਰਮ ਦਸਤਗੀਰ ਦੇ ਹਵਾਲੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਨਾਲ ਚਰਚਾ ਕਰਨ ਤੋਂ ਬਾਅਦ ਫੌਜ ਮੁਖੀ ਦੀ ਨਿਯੁਕਤੀ 'ਤੇ ਫੈਸਲਾ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਬਾਜਵਾ ਦੀ ਕਥਿਤ ਮੁਲਾਕਾਤ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਸਤਗੀਰ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਫੌਜ ਮੁਖੀ ਨੂੰ ਕੌਣ ਕਿੰਨੀ ਵਾਰ ਮਿਲਦਾ ਹੈ, ਆਖਰੀ ਫੈਸਲਾ ਪ੍ਰਧਾਨ ਮੰਤਰੀ ਹੀ ਲੈਣਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਇੰਟਰਵਿਊ 'ਚ ਮੰਗ ਕੀਤੀ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ ਨਵੀਂ ਸਰਕਾਰ ਨੂੰ ਚੋਣਾਂ ਤੋਂ ਬਾਅਦ ਕਰਨੀ ਚਾਹੀਦੀ ਹੈ। ਜਦੋਂ ਖਾਨ ਖੁਦ ਸੱਤਾ ਵਿਚ ਸੀ ਤਾਂ ਵਿਰੋਧੀ ਧਿਰ ਨੇ ਉਸ 'ਤੇ ਦੋਸ਼ ਲਗਾਇਆ ਕਿ ਉਹ ਆਪਣੀ ਪਸੰਦ ਦੇ ਇਕ ਵਿਅਕਤੀ ਨੂੰ ਫੌਜ ਮੁਖੀ ਵਜੋਂ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਉਹ ਵਿਰੋਧੀ ਨੇਤਾਵਾਂ ਨੂੰ ਸਤਾਉਣ ਦੇ ਆਪਣੇ ਕਥਿਤ ਏਜੰਡੇ ਵਿਚ ਸਹਿਯੋਗ ਕਰ ਸਕੇ।