ਪਾਕਿਸਤਾਨ ''ਚ ਸ਼ਹੀਦ ਭਗਤ ਸਿੰਘ ਜੀ ਦੇ ਸਕੂਲ ਦੇ ਨਵ-ਨਿਰਮਾਣ ਦਾ ਕੰੰਮ ਮੁਕੰਮਲ

05/29/2017 3:32:25 PM

ਲਾਹੌਰ— ਪਾਕਿਸਤਾਨ ਨੇ ਪਿੰਡ ਚੱਕ ਨੰਬਰ 105 ਵਿਚ ਸ਼ਹੀਦ ਭਗਤ ਸਿੰਘ ਦੇ ਸਕੂਲ ਦੇ ਨਵ-ਨਿਰਮਾਣ ਦਾ ਕੰਮ ਮੁਕੰਮਲ ਕਰਵਾ ਲਿਆ ਹੈ। ਦੱਸ ਦੇਈਏ ਕਿ ਭਗਤ ਸਿੰਘ ਨੇ ਇਸ ਪ੍ਰਾਇਮਰੀ ਸਕੂਲ ਵਿਚ ਪੜ੍ਹਾਈ ਕੀਤੀ ਸੀ। ਇਸ ਸਕੂਲ ਦੀ ਇਮਾਰਤ ਖਸਤਾਹਾਲ ਸੀ। ਇੱਥੇ ਕਲਾਸ ਦੇ ਕਮਰਿਆਂ ਦੀ ਛੱਤ ਤੱਕ ਉੱਡ ਗਈ ਸੀ, ਕੰਧਾਂ ਵਿਚ ਤਰੇੜਾਂ ਪੈ ਚੁੱਕੀਆਂ ਸਨ ਅਤੇ ਪੂਰੀ ਇਮਾਰਤ ਦੇ ਢਹਿ ਜਾਣ ਦਾ ਖਤਰਾ ਬਣਿਆ ਹੋਇਆ ਸੀ। ਇਸ ਨੂੰ ਦੇਖਦੇ ਹੋਏ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ਦੇ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੇ ਕਾਰਨ ਪਾਕਿਸਤਾਨ ਦੇ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਉਪਰੋਕਤ ਸਕੂਲ ਦਾ ਨਵ-ਨਿਰਮਾਣ ਕਰਵਾਇਆ ਗਿਆ। ਭਗਤ ਸਿੰਘ ਦੇ ਪ੍ਰਸ਼ੰਸਕਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਉਸ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ ਪਰ ਇਸ ਨੂੰ ਨਜ਼ਰਅੰਦਾਜ਼ ਕਰਦਿਆਂ ਸਕੂਲ ਦੇ ਬਾਹਰ 'ਗੌਰਮਿੰਟ ਹਾਈ ਸਕੂਲ, 105/ਜੀ ਬੀ, ਬੰਗਾਵਾਲਾ, ਹਿੱਸਾ ਪ੍ਰਾਇਮਰੀ' ਦਾ ਬੋਰਡ ਲਗਾ ਦਿੱਤਾ ਗਿਆ ਹੈ। 
ਲਾਹੌਰ ਦੇ ਸਮਾਜਿਕ ਕਾਰਕੁੰਨ ਬਾਬਰ ਜਲੰਧਰੀ ਨੇ ਦੱਸਿਆ ਕਿ ਫੈਸਲਾਬਾਦ (ਪੁਰਾਣਾ ਨਾਂ ਲਾਇਲਪੁਰ) ਦੀ ਜੜ੍ਹਾਂਵਾਲਾ-ਫੈਸਲਾਬਾਦ ਰੋਡ 'ਤੇ ਪਿੰਡ ਬੰਗਾ ਦੇ ਚੱਕ ਨੰਬਰ 105 ਜੀ. ਬੀ. ਦੇ ਜਿਸ ਘਰ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ, ਉਸ ਵਿਚ ਰਹਿੰਦੇ ਸਾਕਿਬ ਵਿਰਕ ਵੱਲੋਂ ਹਵੇਲੀ ਭਗਤ ਸਿੰਘ ਸੰਧੂ ਦਾ ਨਾਂ ਦਿੰਦਿਆਂ ਅਜਾਇਬ ਘਰ ਵਿਚ ਤਬਦੀਲ ਕਰਨ ਤੋਂ ਬਾਅਦ ਰੋਜ਼ਾਨਾ ਦੂਰ-ਦਰਾਜ਼ ਦੇ ਪਿੰਡਾਂ-ਸ਼ਹਿਰਾਂ ਤੋਂ ਲੋਕ ਉੱਥੇ ਪਹੁੰਚ ਰਹੇ ਹਨ। ਦੂਜੇ ਪਾਸੇ ਪਾਕਿਸਤਾਨੀ ਸਰਕਾਰ ਨੇ ਜ਼ਿਲਾ ਫੈਸਲਾਬਾਦ ਦੇ ਪਿੰਡ ਬੰਗਾ ਦੇ ਬਦਲੇ ਹੋਏ ਨਾਂ 'ਭਗਤਪੁਰ' ਨੂੰ ਅਜੇ ਤੱਕ ਸਰਕਾਰੀ ਤੌਰ 'ਤੇ ਮਾਨਤਾ ਨਹੀਂ ਦਿੱਤੀ।


Kulvinder Mahi

News Editor

Related News