ਅਯੋਗ ਕਰਾਰ ਦਿੱਤੇ ਜਾਣ ਦੇ ਖਦਸ਼ੇ ਵਿਚਕਾਰ ਇਮਰਾਨ ਦਾ ਬਿਆਨ ਆਇਆ ਸਾਹਮਣੇ

Sunday, May 28, 2023 - 11:34 AM (IST)

ਅਯੋਗ ਕਰਾਰ ਦਿੱਤੇ ਜਾਣ ਦੇ ਖਦਸ਼ੇ ਵਿਚਕਾਰ ਇਮਰਾਨ ਦਾ ਬਿਆਨ ਆਇਆ ਸਾਹਮਣੇ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਨੇ ਕਿਹਾ ਕਿ ਜੇਕਰ ਅਦਾਲਤ ਵੱਲੋਂ ਉਨ੍ਹਾਂ ਨੂੰ ਅਯੋਗ ਠਹਿਰਾਇਆ ਜਾਂਦਾ ਹੈ ਤਾਂ ਪਾਰਟੀ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਪਾਰਟੀ ਦੀ ਅਗਵਾਈ ਕਰਨਗੇ। ਖਾਨ ਨੇ ਇਹ ਗੱਲ ਸ਼ਨੀਵਾਰ ਨੂੰ ਲਾਹੌਰ ਦੇ ਜ਼ਮਾਨ ਪਾਰਕ ਸਥਿਤ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਅਤੇ ਵਕੀਲਾਂ ਨਾਲ ਆਯੋਜਿਤ ਬੈਠਕ 'ਚ ਕਹੀ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਪੀਟੀਆਈ ਚੇਅਰਮੈਨ ਪਿਛਲੇ ਸਾਲ ਅਪ੍ਰੈਲ 'ਚ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਤੋਂ ਲੈ ਕੇ ਅੱਤਵਾਦ ਤੱਕ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। 

ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਦੁਆਰਾ ਜਾਰੀ ਇੱਕ ਗ੍ਰਿਫ਼ਤਾਰੀ ਵਾਰੰਟ ਦੀ ਪਾਲਣਾ ਕਰਦੇ ਹੋਏ, ਰੇਂਜਰਾਂ ਨੇ ਉਸਨੂੰ 09 ਮਈ ਨੂੰ £19 ਕਰੋੜ ਪੌਂਡ ਦੇ ਅਲ-ਕਾਦਿਰ ਟਰੱਸਟ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ। 9 ਮਈ ਨੂੰ ਖਾਨ ਦੀ ਗ੍ਰਿਫ਼ਤਾਰੀ ਨੇ ਦੇਸ਼ ਵਿਆਪੀ ਹਿੰਸਾ ਨੂੰ ਭੜਕਾਇਆ, ਉਸਦੇ ਸਮਰਥਕਾਂ ਨੇ ਦੇਸ਼ ਭਰ ਵਿੱਚ ਰੱਖਿਆ ਅਤੇ ਜਨਤਕ ਅਦਾਰਿਆਂ ਵਿੱਚ ਭੰਨਤੋੜ ਅਤੇ ਅੱਗਜ਼ਨੀ ਕੀਤੀ। ਇਸ ਤੋਂ ਬਾਅਦ ਉੱਚ-ਸ਼ਕਤੀਸ਼ਾਲੀ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ), ਜਿਸ ਵਿੱਚ ਉੱਚ ਨਾਗਰਿਕ ਅਤੇ ਫੌਜੀ ਲੀਡਰਸ਼ਿਪ ਸ਼ਾਮਲ ਹੈ, ਨੇ ਦੰਗਾਕਾਰੀਆਂ 'ਤੇ ਆਰਮੀ ਐਕਟ ਸਮੇਤ ਸਬੰਧਤ ਕਾਨੂੰਨਾਂ ਦੇ ਤਹਿਤ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਦੀਵਾਲੀਆ ਹੋਣ ਤੋਂ ਬਚਿਆ ਅਮਰੀਕਾ! ਰਾਸ਼ਟਰਪਤੀ ਬਾਈਡੇਨ ਅਤੇ ਕੇਵਿਨ ਵਿਚਾਲੇ ਹੋਇਆ ਕਰਜ਼ਾ ਸਮਝੌਤਾ

9 ਮਈ ਦੀ ਭੰਨਤੋੜ ਤੋਂ ਬਾਅਦ ਆਪਣੀ ਪਾਰਟੀ ਦੇ ਨੇਤਾਵਾਂ ਦੇ ਵੱਡੇ ਪੱਧਰ 'ਤੇ ਚਲੇ ਜਾਣ 'ਤੇ ਟਿੱਪਣੀ ਕਰਦਿਆਂ ਖਾਨ ਨੇ ਕਿਹਾ ਕਿ ਸਥਿਤੀ ਜਲਦੀ ਬਦਲਣ ਵਾਲੀ ਹੈ ਅਤੇ ਮੈਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਸਰਪ੍ਰਾਈਜ਼ ਦੇਣ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੁਝ ਆਗੂ ਮਜ਼ਬੂਰੀ ਵੱਸ ਪਾਰਟੀ ਛੱਡ ਰਹੇ ਹਨ ਜਦਕਿ ਕੁਝ ਦਾ ਪਰਦਾਫਾਸ਼ ਹੋ ਚੁੱਕਾ ਹੈ। ਨੌਜਵਾਨਾਂ ਨੂੰ ਆਪਣੀ ਪਾਰਟੀ ਦੀ ਵੱਡੀ ਪੂੰਜੀ ਦੱਸਦਿਆਂ ਖਾਨ ਨੇ ਕਿਹਾ ਕਿ ਪਾਰਟੀ ਵਿੱਚ ਟਿਕਟਾਂ ਪ੍ਰਾਪਤ ਕਰਨਾ ਉਨ੍ਹਾਂ ਦਾ ਹੱਕ ਹੈ ਅਤੇ ਆਗੂਆਂ ਦੇ ਪਾਰਟੀ ਛੱਡਣ ਦੇ ਬਾਵਜੂਦ ਪੀਟੀਆਈ ਅਗਲੀਆਂ ਆਮ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗੀ। ਉਸਨੇ ਜਨਤਾ ਵਿੱਚ ਆਪਣੀ ਪਾਰਟੀ ਦੀ ਲੋਕਪ੍ਰਿਅਤਾ ਦਾ ਪਤਾ ਲਗਾਉਣ ਲਈ ਇੱਕ ਰਾਇਸ਼ੁਮਾਰੀ ਦਾ ਵੀ ਸੱਦਾ ਦਿੱਤਾ। ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਨ ਲਈ ਮੌਜੂਦਾ ਗੱਠਜੋੜ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸੰਕਟ ਦਾ ਇੱਕੋ ਇੱਕ ਹੱਲ ਦੇਸ਼ ਵਿੱਚ ਚੋਣਾਂ ਕਰਵਾਉਣਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News