ਸ਼ਬਦ ਗੁਰੂ ਕਬੱਡੀ ਅਕੈਡਮੀ ਬੇਕਰਸਫੀਲ ਨੇ ਕਰਵਾਇਆ ਚੌਥਾ ਕੱਪ, ਨਿਊਯਾਰਕ ਮੈਟਰੋ ਕਲੱਬ ਨੇ ਜਿੱਤਿਆ ਖ਼ਿਤਾਬ
Wednesday, Oct 01, 2025 - 05:30 AM (IST)

ਬੇਕਰਸਫੀਲ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਲੰਘੇ ਸ਼ਨੀਵਾਰ ਸ਼ਬਦ ਗੁਰੂ ਕਬੱਡੀ ਅਕੈਡਮੀ ਬੇਕਰਸਫੀਲ ਵੱਲੋਂ ਸਥਾਨਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਚੌਥਾ ਕਬੱਡੀ ਕੱਪ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਹ ਟੂਰਨਾਮੈਂਟ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂਐੱਸਏ ਦੀ ਸਰਪ੍ਰਸਤੀ ਹੇਠ ਆਯੋਜਿਤ ਹੋਇਆ।
ਸੋਹਣੇ ਪ੍ਰਬੰਧਾਂ ਲਈ ਪ੍ਰਬੰਧਕ ਟੀਮ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਦਰਸ਼ਕਾਂ ਨੇ ਵੀ ਟੂਰਨਾਮੈਂਟ ਦੌਰਾਨ ਪੂਰੇ ਜੋਸ਼ ਨਾਲ ਆਪਣੀਆਂ ਮਨਪਸੰਦ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ। ਟੂਰਨਾਮੈਂਟ ਵਿੱਚ ਚਾਰ ਕਲੱਬਾਂ ਅਤੇ ਦੋ ਅੰਡਰ-25 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ ਜਿਸ ਵਿੱਚ ਨਿਊਯਾਰਕ ਮੈਟਰੋ ਕਲੱਬ ਨੇ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕਰਦਿਆਂ ਬੇ-ਏਰੀਆ ਕਬੱਡੀ ਕਲੱਬ ਨੂੰ ਕਰੀਬੀ ਮੁਕਾਬਲੇ ਵਿੱਚ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਦੌਰਾਨ ਕੁਮੈਂਟੇਟਰ ਸੁਰਜੀਤ ਕਕਰਾਲੀ, ਸਵਰਨ ਮੱਲ਼ਾ ਅਤੇ ਮੱਖਣ ਲਈ ਨੇ ਆਪਣੇ ਖਾਸ ਟੋਟਕਿਆਂ ਅਤੇ ਦਿਲਚਸਪ ਟਿੱਪਣੀਆਂ ਨਾਲ ਪੂਰੀ ਰੌਣਕ ਬਣਾਈ ਰੱਖੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਗੁਰਿੰਦਰ ਸਿੰਘ ਬਸਰਾ ਨੇ ਬਾਖੂਬੀ ਨਿਭਾਈ।
ਇਸ ਟੂਰਨਾਮੈਂਟ ਵਿੱਚ ਬੈਸਟ ਰੇਡਰ ਦਾ ਖ਼ਿਤਾਬ ਰਾਜੂ ਕੋਟਲਾ ਨੂੰ, ਜਦਕਿ ਬੈਸਟ ਜਾਫੀ ਦਾ ਖ਼ਿਤਾਬ ਯਾਦੂ ਕੋਟਲੀ ਨੂੰ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਸਭਨਾਂ ਖਿਡਾਰੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ। ਦਰਸ਼ਕਾਂ ਅਤੇ ਸੰਗਤ ਨੇ ਨਾ ਸਿਰਫ਼ ਖੇਡ ਦਾ ਮਜ਼ਾ ਮਾਣਿਆ ਬਲਕਿ ਚਾਹ-ਪਕੌੜਿਆਂ ਅਤੇ ਲੰਗਰ ਦਾ ਵੀ ਖੂਬ ਆਨੰਦ ਲਿਆ। ਪ੍ਰਬੰਧਕਾਂ ਨੂੰ ਮੈਚਾਂ ਨੂੰ ਸਮੇਂ ਸਿਰ ਕਰਵਾਉਣ ਲਈ ਖ਼ਾਸ ਵਾਹ-ਵਾਹ ਮਿਲੀ।
ਸ਼ਬਦ ਗੁਰੂ ਕਬੱਡੀ ਅਕੈਡਮੀ ਨੇ ਆਪਣੇ ਸਾਰੇ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ । ਪ੍ਰਬੰਧਕਾਂ ਨੇ ਦੱਸਿਆ ਕਿ ਅਗਲੇ ਸਾਲ ਵਾਲੇ ਕੱਪ ਤੇ ਸ਼ਬਦ ਗੁਰੂ ਅਕੈਡਮੀ ਆਪਣੀਆਂ ਵੀ ਦੋ ਕਬੱਡੀ ਦੀਆਂ ਟੀਮਾਂ ਤਿਆਰ ਕਰੇਗੀ।
ਮਿੱਟੀ ਵਾਲੇ ਗਰਾਊਂਡ ਨੇ ਟੂਰਨਾਮੈਂਟ ਨੂੰ ਹੋਰ ਵੀ ਵਿਲੱਖਣ ਤੇ ਯਾਦਗਾਰੀ ਬਣਾਇਆ। ਦਰਸ਼ਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡਦਿਆਂ ਇਹ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8