ਬ੍ਰਿਟਿਸ਼ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ ਦਾ ਭੰਗ ਹੋਇਆ ਮੋਹ ! ਦਾਖ਼ਲਿਆਂ ''ਚ ਆਈ ਵੱਡੀ ਗਿਰਾਵਟ

Tuesday, Nov 17, 2026 - 05:34 PM (IST)

ਬ੍ਰਿਟਿਸ਼ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ ਦਾ ਭੰਗ ਹੋਇਆ ਮੋਹ ! ਦਾਖ਼ਲਿਆਂ ''ਚ ਆਈ ਵੱਡੀ ਗਿਰਾਵਟ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ’ਚ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਵੀਜ਼ਾ ਨਿਯਮਾਂ ਦੀ ਸਖ਼ਤੀ, ਵਧਦੀ ਮਹਿੰਗਾਈ ਅਤੇ ਪੜ੍ਹਾਈ ਤੋਂ ਬਾਅਦ ਨੌਕਰੀ ਕਰਨ ਦੀ ਮਿਆਦ ਨੂੰ ਲੈ ਕੇ ਬਣੀ ਬੇਭਰੋਸਗੀ ਦਾ ਅਸਰ ਹੁਣ ਯੂਨੀਵਰਸਿਟੀਆਂ ਦੇ ਦਾਖ਼ਲਿਆਂ ’ਤੇ ਦਿਖਾਈ ਦੇਣ ਲੱਗਾ ਹੈ।

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਅਕਤੂਬਰ 2026 ਨੂੰ ਖ਼ਤਮ ਹੋਏ ਇਕ ਸਾਲ ਦੌਰਾਨ ਮੁੱਖ ਬਿਨੈਕਾਰਾਂ ਵੱਲੋਂ 3,49,900 ਸਟੂਡੈਂਟ ਵੀਜ਼ਾ ਅਰਜ਼ੀਆਂ ਦਿੱਤੀਆਂ ਗਈਆਂ, ਜਦਕਿ ਇਸ ਤੋਂ ਪਿਛਲੇ ਸਾਲ ਇਸੇ ਮਿਆਦ ’ਚ ਇਹ ਗਿਣਤੀ 4,34,000 ਸੀ। ਭਾਵ ਇਕ ਸਾਲ ’ਚ 84,100 ਅਰਜ਼ੀਆਂ ਘੱਟ ਹੋਈਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ 20 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ।
ਅਕਤੂਬਰ ’ਚ 31 ਫ਼ੀਸਦੀ ਘੱਟ ਹੋਈਆਂ ਅਰਜ਼ੀਆਂ

ਗਿਰਾਵਟ ਦਾ ਅਸਰ ਮੁੱਖ ਦਾਖ਼ਲਾ ਸੀਜ਼ਨ ਵਿਚ ਵੀ ਦੇਖਣ ਨੂੰ ਮਿਲਿਆ। ਜੁਲਾਈ ਤੋਂ ਅਕਤੂਬਰ 2026 ਵਿਚਾਲੇ ਬ੍ਰਿਟੇਨ ਨੂੰ 2,36,100 ਸਟੂਡੈਂਟ ਵੀਜ਼ਾ ਅਰਜ਼ੀਆਂ ਮਿਲੀਆਂ, ਜਦਕਿ 2025 ਦੀ ਇਸੇ ਮਿਆਦ ’ਚ 2,82,200 ਅਰਜ਼ੀਆਂ ਆਈਆਂ ਸਨ। ਇਹ 16 ਫ਼ੀਸਦੀ ਦੀ ਗਿਰਾਵਟ ਹੈ। ਸਾਲ 2023 ਦੇ ਮੁਕਾਬਲੇ ਇਹ ਅੰਕੜਾ 27 ਫ਼ੀਸਦੀ ਹੇਠਾਂ ਹੈ। ਇਕੱਲੇ ਅਕਤੂਬਰ ਵਿਚ 5,800 ਅਰਜ਼ੀਆਂ ਆਈਆਂ, ਜਦਕਿ ਪਿਛਲੇ ਸਾਲ ਇਸੇ ਮਹੀਨੇ ’ਚ 8,400 ਅਰਜ਼ੀਆਂ ਮਿਲੀਆਂ ਸਨ। ਜੁਲਾਈ ਵਿਚ 20 ਫ਼ੀਸਦੀ, ਅਗਸਤ ਵਿਚ 17 ਫ਼ੀਸਦੀ ਅਤੇ ਸਤੰਬਰ ਵਿਚ 10 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਵੀਜ਼ਾ ਨਿਯਮਾਂ ਦੀ ਸਖ਼ਤੀ ਨਾਲ ਯੂਨੀਵਰਸਿਟੀਆਂ ਦੀ ਪ੍ਰੇਸ਼ਾਨੀ ਵਧੀ
ਬ੍ਰਿਟੇਨ ਸਰਕਾਰ ਨੇ ਜੂਨ 2026 ’ਚ ਬੇਸਿਕ ਕੰਪਲਾਇੰਸ ਅਸੈੱਸਮੈਂਟ ਦੇ ਨਿਯਮ ਲਾਗੂ ਕੀਤੇ ਹਨ। ਇਸ ਤਹਿਤ ਜੇ ਕਿਸੇ ਯੂਨੀਵਰਸਿਟੀ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ’ਚੋਂ 5 ਫ਼ੀਸਦੀ ਤੋਂ ਵੱਧ ਅਰਜ਼ੀਆਂ ਰੱਦ ਹੁੰਦੀਆਂ ਹਨ ਤਾਂ ਉਸ ਦਾ ਸਪਾਂਸਰ ਲਾਇਸੈਂਸ ਖ਼ਤਰੇ ਵਿਚ ਪੈ ਸਕਦਾ ਹੈ। ਇਸ ਕਾਰਨ ਕਈ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਨੂੰ ਲੈ ਕੇ ਚੌਕਸ ਹੋ ਗਈਆਂ ਹਨ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਘੱਟੋ-ਘੱਟ 15 ਬ੍ਰਿਟਿਸ਼ ਯੂਨੀਵਰਸਿਟੀਆਂ ਨੇ ਪਾਕਿਸਤਾਨ ਤੋਂ ਅਤੇ 9 ਯੂਨੀਵਰਸਿਟੀਆਂ ਨੇ ਹੋਰ ਜੋਖ਼ਮ ਵਾਲੇ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਭਰਤੀ ਰੋਕ ਦਿੱਤੀ ਹੈ। ਮਾਰਚ 2026 ਦੇ ਅੰਤ ’ਚ ਅਫ਼ਗ਼ਾਨਿਸਤਾਨ, ਕੈਮਰੂਨ, ਮਿਆਂਮਾਰ ਅਤੇ ਸੂਡਾਨ ਦੇ ਨਾਗਰਿਕਾਂ ’ਤੇ ਵੀਜ਼ਾ ਪਾਬੰਦੀਆਂ ਨੇ ਵੀ ਚਿੰਤਾ ਵਧਾਈ ਹੈ।

ਪੜ੍ਹਾਈ ਤੋਂ ਬਾਅਦ ਨੌਕਰੀ ਦੇ ਨਿਯਮ ਵੀ ਬਣੇ ਵਜ੍ਹਾ
ਮਈ 2025 ’ਚ ਬ੍ਰਿਟੇਨ ਨੇ ਗ੍ਰੈਜੂਏਟ ਰੂਟ ਤਹਿਤ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਪੋਸਟ-ਸਟੱਡੀ ਵਰਕ ਵੀਜ਼ਾ ਦੀ ਮਿਆਦ 2 ਸਾਲ ਤੋਂ ਘਟਾ ਕੇ 18 ਮਹੀਨੇ ਕਰਨ ਦਾ ਫ਼ੈਸਲਾ ਕੀਤਾ ਸੀ। ਇਹ ਬਦਲਾਅ ਜਨਵਰੀ 2027 ਤੋਂ ਲਾਗੂ ਹੋਣਾ ਸੀ। ਹਾਲਾਂਕਿ, ਹਾਲੀਆ ਬਜਟ ਵਿਚ ਕੁਝ ਯੋਗ ਯੂਨੀਵਰਸਿਟੀਆਂ ਦੇ ਗ੍ਰੈਜੂਏਟਾਂ ਲਈ ਦੋ ਸਾਲ ਦੀ ਮਿਆਦ ਬਹਾਲ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦੀਆਂ ਸ਼ਰਤਾਂ ਹਾਲੇ ਤੈਅ ਨਹੀਂ ਹੋਈਆਂ ਹਨ। ਮਾਹਿਰਾਂ ਮੁਤਾਬਕ, ਮਹਿੰਗੀ ਸਿੱਖਿਆ, ਰਹਿਣ-ਖਾਣ ਦਾ ਖ਼ਰਚਾ ਅਤੇ ਆਰਥਿਕ ਬੇਭਰੋਸਗੀ ਵੀ ਵਿਦਿਆਰਥੀਆਂ ਨੂੰ ਦੂਜੇ ਦੇਸ਼ਾਂ ਵੱਲ ਜਾਣ ਲਈ ਪ੍ਰੇਰਿਤ ਕਰ ਰਹੀ ਹੈ।

ਪਰਿਵਾਰ ਨਾਲ ਲਿਜਾਣ ਵਾਲਿਆਂ ਦੀ ਗਿਣਤੀ ’ਚ ਵੀ ਭਾਰੀ ਕਮੀ
ਬ੍ਰਿਟੇਨ ਵਿਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੇ ਡਿਪੈਂਡੈਂਟਸ ਦੀਆਂ ਵੀਜ਼ਾ ਅਰਜ਼ੀਆਂ ਵਿਚ ਵੀ 32 ਫ਼ੀਸਦੀ ਗਿਰਾਵਟ ਆਈ ਹੈ। ਅਕਤੂਬਰ 2026 ਨੂੰ ਖ਼ਤਮ ਹੋਏ ਇਕ ਸਾਲ ’ਚ ਅਜਿਹੀਆਂ ਸਿਰਫ਼ 15,400 ਅਰਜ਼ੀਆਂ ਆਈਆਂ। ਜਨਵਰੀ 2024 ਤੋਂ ਲਾਗੂ ਨਿਯਮਾਂ ਤਹਿਤ ਜ਼ਿਆਦਾਤਰ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੈ। ਛੋਟ ਮੁੱਖ ਤੌਰ ’ਤੇ ਰਿਸਰਚ ਅਾਧਾਰਿਤ ਪੋਸਟ-ਗ੍ਰੈਜੂਏਟ ਕੋਰਸਾਂ ਅਤੇ ਕੁਝ ਸਰਕਾਰੀ ਸਪਾਂਸਰਸ਼ਿਪ ਵਾਲੇ ਕੋਰਸਾਂ ਲਈ ਹੈ। ਦਸੰਬਰ 2023 ਦੀ ਤੁਲਨਾ ’ਚ ਡਿਪੈਂਡੈਂਟਸ ਦੀਆਂ ਅਰਜ਼ੀਆਂ 89 ਫ਼ੀਸਦੀ ਘੱਟ ਹੋ ਚੁੱਕੀਆਂ ਹਨ।


author

Harpreet SIngh

Content Editor

Related News