ਸਕਾਟਲੈਂਡ ਪੁਲਸ ਨੇ ਜਬਤ ਕੀਤੀ ਇਕ ਟਨ ਕੋਕੀਨ, ਕੀਮਤ ਜਾਣ ਉੱਡਣਗੇ ਹੋਸ਼
Thursday, Sep 24, 2020 - 02:25 PM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਪੁਲਸ ਅਤੇ ਨੈਸ਼ਨਲ ਕ੍ਰਾਈਮ ਏਜੰਸੀ ਦੇ ਇੱਕ ਸਾਂਝੇ ਆਪ੍ਰੇਸ਼ਨ ਦੇ ਹਿੱਸੇ ਵਜੋਂ 100 ਮਿਲੀਅਨ ਪੌਂਡ ਕੀਮਤ ਦੀ ਲਗਭਗ ਇਕ ਟਨ ਕੋਕੀਨ ਜ਼ਬਤ ਕੀਤੀ ਗਈ ਹੈ।
ਇਸ ਆਪ੍ਰੇਸ਼ਨ ਤਹਿਤ ਦੋ ਵਿਅਕਤੀਆਂ ਨੂੰ ਮੰਗਲਵਾਰ ਸਵੇਰੇ ਡੋਵਰ ਵਿਖੇ ਫਲਾਂ ਦੀ ਖੇਪ ਦੇ ਅੰਦਰ ਨਸ਼ੀਲੀਆਂ ਦਵਾਈਆਂ ਮਿਲਣ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਗਲਾਸਗੋ ਦੇ ਇਕ 64 ਸਾਲਾ ਵਿਅਕਤੀ ਅਤੇ ਏਸੇਕਸ ਦੇ ਇਕ 40 ਸਾਲਾ ਵਿਅਕਤੀ ਨੂੰ ਕਲਾਸ ਏ ਨਸ਼ੇ ਦੀ ਦਰਾਮਦ ਕਰਨ ਦੇ ਦੋਸ਼ ਵਿੱਚ ਫੜਿਆ ਗਿਆ ਹੈ।
ਸਕਾਟਲੈਂਡ ਪੁਲਸ ਅਨੁਸਾਰ ਇਹ ਵੱਡੀ ਖੇਪ ਦੱਖਣੀ ਅਮਰੀਕਾ ਦੇ ਇਕ ਸਮੁੰਦਰੀ ਜਹਾਜ਼ ਉੱਤੇ ਫਲਾਂ ਵਿੱਚ ਛੁਪਾਈ ਹੋਈ ਸੀ ਜੋ ਕਿ ਸਕਾਟਲੈਂਡ ਪਹੁੰਚਣੀ ਸੀ। ਇਸ ਨੂੰ ਜ਼ਬਤ ਕਰਨ ਦੇ ਬਾਅਦ ਗਲਾਸਗੋ ਅਤੇ ਏਸੇਕਸ ਵਿਚ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਸਕਾਟਲੈਂਡ ਪੁਲਸ ਦੀ ਅਸਿਸਟੈਂਟ ਚੀਫ ਕਾਂਸਟੇਬਲ ਐਂਜੇਲਾ ਮੈਕਲਾਰੇਨ ਅਨੁਸਾਰ ਇਹ ਛਾਪੇਮਾਰੀ ਅਪਰਾਧੀਆਂ ਲਈ ਇਕ ਵੱਡਾ ਝਟਕਾ ਹੈ ਅਤੇ ਇਸ ਆਪ੍ਰੇਸ਼ਨ ਨੇ ਸਾਂਝੇ ਰੂਪ ਵਿੱਚ ਐੱਨ. ਸੀ. ਏ. ਬਾਰਡਰ ਫੋਰਸ ਅਤੇ ਐੱਸ. ਓ. ਸੀ. ਟਾਸਕਫੋਰਸ ਨਾਲ ਮਿਲ ਕੇ ਕੰਮ ਕਰਨ ਉਪਰੰਤ ਇਹ ਸਫ਼ਲਤਾ ਹਾਸਲ ਹੋਈ ਹੈ।