ਸਕਾਟਲੈਂਡ : ਐਂਬੂਲੈਂਸ ਚਲਾਉਣ ਲਈ ਪਹੁੰਚੇ ਫੌਜੀ ਜਵਾਨ

Saturday, Sep 25, 2021 - 07:43 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਐਂਬੂਲੈਂਸ ਸੇਵਾ ਦੀ ਸਹਾਇਤਾ ਕਰਨ ਲਈ ਫੌਜੀ ਜਵਾਨ ਪਹੁੰਚ ਚੁੱਕੇ ਹਨ। ਸਕਾਟਲੈਂਡ ਦੀ ਸਰਕਾਰ ਵੱਲੋਂ ਡਿਫੈਂਸ ਵਿਭਾਗ ਨੂੰ ਐਂਬੂਲੈਂਸ ਸੇਵਾ ਦੀ ਸਹਾਇਤਾ ਲਈ ਬੇਨਤੀ ਕੀਤੀ ਗਈ ਸੀ, ਜਿਸ ਦੇ ਜਵਾਬ ਵਿੱਚ ਇਹ ਫੌਜੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਫੌਜੀਆਂ ਵੱਲੋਂ ਐਂਬੂਲੈਂਸਾਂ ਦੇ ਡਰਾਈਵਰਾਂ ਦੇ ਤੌਰ ’ਤੇ ਸਹਾਇਤਾ ਕੀਤੀ ਜਾਵੇਗੀ। ਫੌਜੀਆਂ ਦੇ ਪਹੁੰਚਣ ’ਤੇ ਸਕਾਟਲੈਂਡ ਦੇ ਸਿਹਤ ਸਕੱਤਰ ਹਮਜਾ ਯੂਸਫ ਨੂੰ ਉਮੀਦ ਹੈ ਕਿ ਐਂਬੂਲੈਂਸਾਂ ਚਲਾਉਣ ’ਚ ਫੌਜ ਦੀ ਸਹਾਇਤਾ ਮਰੀਜ਼ਾਂ ਦੇ ਉਡੀਕ ਸਮੇਂ ’ਚ ਮਹੱਤਵਪੂਰਨ ਸੁਧਾਰ ਲਿਆਏਗੀ।

PunjabKesari

ਇਸ ਸਹਾਇਤਾ ਲਈ ਤਕਰੀਬਨ 114 ਫੌਜੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਐਤਵਾਰ ਤੋਂ ਡਰਾਈਵਰਾਂ ਦੇ ਤੌਰ 'ਤੇ ਪਹਿਲੀ ਤਾਇਨਾਤੀ ਦੀ ਉਮੀਦ ਹੈ। ਇਸ ਦੌਰਾਨ ਸਿਹਤ ਸਕੱਤਰ ਨੇ ਹੈਮਿਲਟਨ ਦੇ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਬੇਸ 'ਤੇ ਇਸ ਸਹਾਇਤਾ ਲਈ ਸਿਖਲਾਈ ਪ੍ਰਾਪਤ ਕਰ ਰਹੇ ਸੈਨਿਕਾਂ ਨੂੰ ਮਿਲਦਿਆਂ ਉਹਨਾਂ ਦਾ ਧੰਨਵਾਦ ਕੀਤਾ। ਸਕਾਟਲੈਂਡ ਦੀ ਫੌਜੀ ਕਮਾਂਡ ਦੇ ਕਮਾਂਡਰ ਕਰਨਲ ਐਂਥਨੀ ਫਿਲਿਪਸ ਅਨੁਸਾਰ ਲਗਭਗ ਦੋ-ਤਿਹਾਈ ਫੌਜ ਗਲਾਸਗੋ ਖੇਤਰ ਅਤੇ ਇੱਕ ਤਿਹਾਈ ਐਡਿਨਬਰਾ ਖੇਤਰ ਵਿੱਚ ਤਾਇਨਾਤ ਹੋਵੇਗੀ ਅਤੇ ਸੈਨਿਕਾਂ ਨੂੰ ਐਂਬੂਲੈਂਸ ਸੇਵਾ ਦੁਆਰਾ ਲੋੜ ਅਨੁਸਾਰ ਕਿਤੇ ਹੋਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ।


Manoj

Content Editor

Related News