ਸਕਾਟਲੈਂਡ: ਮਰਦਮਸ਼ੁਮਾਰੀ ''ਚ ਦੇਰੀ ਕਾਰਨ ਸਰਕਾਰ ਸਿਰ ਪਵੇਗਾ 21.6 ਮਿਲੀਅਨ ਪੌਂਡ ਵੱਧ ਖ਼ਰਚਾ

Wednesday, Dec 01, 2021 - 03:01 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਮਰਦਮਸ਼ੁਮਾਰੀ (ਜਨਗਣਨਾ) ਦਾ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਹੁੰਦਾ ਹੈ। ਇਸ ਦੇ ਆਧਾਰ 'ਤੇ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਸਕਾਟਲੈਂਡ ਵਿਚ ਵੀ ਮਰਦਮਸ਼ੁਮਾਰੀ ਬਹੁਤ ਮਹੱਤਵਪੂਰਨ ਹੈ, ਜੋ ਕਿ ਸਕਾਟਲੈਂਡ ਵਿਚ 1941 ਨੂੰ ਛੱਡ ਕੇ, 1801 ਤੋਂ ਹਰ 10 ਸਾਲਾਂ ਬਾਅਦ ਹੁੰਦੀ ਹੈ ਪਰ ਇਸ ਸਾਲ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਨੂੰ ਕੋਰੋਨਾ ਵਾਇਰਸ ਕਾਰਨ ਮਾਰਚ 2021 ਤੋਂ ਅਗਲੇ ਸਾਲ ਮਾਰਚ 2022 ਤੱਕ ਅਗਾਂਹ ਕਰ ਦਿੱਤਾ ਗਿਆ ਹੈ।

ਇਸ ਪ੍ਰਕਿਰਿਆ ਵਿਚ ਹੋਈ ਦੇਰੀ ਦੇ ਸਬੰਧ ਵਿਚ ਸਕਾਟਲੈਂਡ ਦੇ ਆਡੀਟਰ ਜਨਰਲ ਸਟੀਫਨ ਬੋਇਲ ਅਨੁਸਾਰ ਮਹਾਮਾਰੀ ਨੇ ਇਸ ਪ੍ਰੋਗਰਾਮ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਹਨਾਂ ਅਨੁਸਾਰ ਇਸ ਦੇਰੀ ਦਾ ਸਕਾਟਲੈਂਡ ਦੇ ਨੈਸ਼ਨਲ ਰਿਕਾਰਡ (NRS) 'ਤੇ ਮਹੱਤਵਪੂਰਨ ਵਿੱਤੀ ਪ੍ਰਭਾਵ ਪਿਆ ਹੈ, ਜੋ ਕਿ ਜਨਗਣਨਾ ਦੀ ਯੋਜਨਾ ਬਣਾਉਣ ਅਤੇ ਚਲਾਉਣ ਲਈ ਇਕ ਜ਼ਿੰਮੇਵਾਰ ਜਨਤਕ ਸੰਸਥਾ ਹੈ। ਮਰਦਮਸ਼ੁਮਾਰੀ ਦੀਆਂ ਅੱਗੇ ਵਧਾਈਆਂ ਤਰੀਕਾਂ ਨਾਲ 117 ਮਿਲੀਅਨ ਪੌਂਡ ਦੇ ਮਹਾਮਾਰੀ ਤੋਂ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ, ਹੁਣ ਸਮੁੱਚੀ ਲਾਗਤ ਵਿਚ 21.6 ਮਿਲੀਅਨ ਪੌਂਡ (18 ਪ੍ਰਤੀਸ਼ਤ) ਵੱਧ ਖ਼ਰਚ ਆਉਣ ਦੀ ਉਮੀਦ ਹੈ। ਸਕਾਟਿਸ਼ ਸਰਕਾਰ ਨੇ ਇਸ ਲਾਗਤ ਦੇ ਵਾਧੇ ਨੂੰ ਪੂਰਾ ਕਰਨ ਲਈ ਫੰਡ ਵੀ ਮੁਹੱਈਆ ਕਰਵਾਏ ਹਨ, ਕਿਉਂਕਿ ਜਨਗਣਨਾ ਸਰਕਾਰ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿਚੋਂ ਇਕ ਹੈ। ਸਕਾਟਲੈਂਡ ਆਡਿਟ ਅਨੁਸਾਰ ਇਸ ਪ੍ਰਕਿਰਿਆ ਵਿਚ ਕੋਰੋਨਾ ਮਹਾਂਮਾਰੀ ਕਾਰਨ ਯੋਗ ਸਟਾਫ਼ ਦੀ ਭਰਤੀ ਕਰਨ ਵਿਚ ਮੁਸ਼ਕਲਾਂ ਸ਼ਾਮਲ ਹਨ।


cherry

Content Editor

Related News