ਸਕਾਟਲੈਂਡ: 40 ਘੰਟੇ ਐਂਬੂਲੈਂਸ ਦੀ ਉਡੀਕ ਕਰਦਿਆਂ ਹੋਈ 65 ਸਾਲਾ ਬਜ਼ੁਰਗ ਦੀ ਮੌਤ

Friday, Sep 17, 2021 - 04:29 PM (IST)

ਸਕਾਟਲੈਂਡ: 40 ਘੰਟੇ ਐਂਬੂਲੈਂਸ ਦੀ ਉਡੀਕ ਕਰਦਿਆਂ ਹੋਈ 65 ਸਾਲਾ ਬਜ਼ੁਰਗ ਦੀ ਮੌਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਐਂਬੂਲੈਂਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਸੰਕਟ ਦੇ ਚਲਦਿਆਂ ਜ਼ਿਆਦਾਤਰ ਮਰੀਜ਼ਾਂ ਨੂੰ ਐਂਬੂਲੈਂਸ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸੰਕਟ ਦੇ ਕਾਰਨ ਗਲਾਸਗੋ ਦੇ ਇਕ 65 ਸਾਲ ਦੇ ਬਜ਼ੁਰਗ ਨੇ ਘਰ ਵਿਚ 40 ਘੰਟਿਆਂ ਤੱਕ ਐਂਬੂਲੈਂਸ ਦੇ ਆਉਣ ਦੀ ਉਡੀਕ ਕੀਤੀ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ।

ਗੇਰਾਰਡ ਬ੍ਰਾਨ ਨਾਮ ਦਾ ਇਹ ਵਿਅਕਤੀ 6 ਸਤੰਬਰ ਨੂੰ ਗਲਾਸਗੋ ਵਿਚ ਆਪਣੇ ਘਰ ਡਿੱਗ ਪਿਆ, ਪਰ ਐਂਬੂਲੈਂਸ ਸੇਵਾ 8 ਸਤੰਬਰ ਬੁੱਧਵਾਰ ਨੂੰ ਉਸ ਸਮੇਂ ਤੱਕ ਪਹੁੰਚੀ, ਜਦੋਂ ਉਸ ਦੀ ਮੌਤ ਹੋ ਗਈ ਸੀ। ਇਹ ਬਜ਼ੁਰਗ ਕੈਂਸਰ ਤੋਂ ਠੀਕ ਹੋਇਆ ਸੀ ਤੇ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ। ਇਹ ਸਾਬਕਾ ਇੰਜੀਨੀਅਰ ਡੰਬਰੇਕ ਦੇ ਆਪਣੇ ਘਰ ਵਿਚ ਡਿੱਗ ਗਿਆ ਸੀ ਅਤੇ ਦਰਵਾਜ਼ਾ ਖੋਲ੍ਹਣ ਲਈ ਅਸਮਰੱਥ ਸੀ। ਉਸ ਨੂੰ ਆਕਸੀਜਨ ਦੀ ਜ਼ਰੂਰਤ ਸੀ। ਇਕ ਵਿਅਕਤੀ ਨੇ ਉਸ ਨੂੰ ਬੁਰੀ ਹਾਲਤ 'ਚ ਦੇਖ ਕੇ ਐਂਬੂਲੈਂਸ ਨੂੰ ਕਾਲ ਕੀਤੀ ਪਰ ਬਜ਼ੁਰਗ ਨੂੰ 40 ਘੰਟਿਆਂ ਤੱਕ ਐਂਬੂਲੈਂਸ ਸੇਵਾ ਪ੍ਰਾਪਤ ਨਹੀਂ ਹੋਈ।

ਸਿਹਤ ਮਾਹਰਾਂ ਅਨੁਸਾਰ ਜੇ ਐਂਬੂਲੈਂਸ ਸਮੇਂ ਸਿਰ ਪਹੁੰਚ ਸਕਦੀ ਤਾਂ ਬਜ਼ੁਰਗ ਦੀ ਜਾਨ ਬਚ ਸਕਦੀ ਸੀ। ਸਕਾਟਿਸ਼ ਫੈਟਲਿਟੀਜ਼ ਇਨਵੈਸਟੀਗੇਸ਼ਨ ਯੂਨਿਟ ਦੇ ਨਿਰਦੇਸ਼ਾਂ ਅਧੀਨ ਮੌਤ ਦੀ ਜਾਂਚ ਜਾਰੀ ਹੈ ਅਤੇ ਕਿਸੇ ਵੀ ਮਹੱਤਵਪੂਰਨ ਘਟਨਾਕ੍ਰਮ ਦੇ ਸੰਬੰਧ ਵਿਚ ਪਰਿਵਾਰ ਨੂੰ ਅਪਡੇਟ ਕੀਤਾ ਜਾਂਦਾ ਰਹੇਗਾ। ਇਸ ਵਿਅਕਤੀ ਦੀ ਮੌਤ ਦੇ ਸਬੰਧ ਵਿਚ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਮਾਫ਼ੀ ਮੰਗਦਿਆਂ ਦੁੱਖ ਪ੍ਰਗਟ ਕੀਤਾ ਹੈ।


author

cherry

Content Editor

Related News