ਭੂਚਾਲ ਤੋਂ ਬਾਅਦ ਯੂਕੋਨ ਦੇ ਸਕੂਲ ਅਤੇ ਆਫਿਸਾਂ ਦੀਆਂ ਇਮਾਰਤਾਂ ਬੰਦ

05/02/2017 5:51:42 PM

ਯੂਕੋਨ— ਕੈਨੇਡਾ ਦੇ ਯੂਕੋਨ ਵਿਚ ਸੋਮਵਾਰ ਨੂੰ ਇਕ ਤੋਂ ਬਾਅਦ ਇਕ ਲੱਗੇ ਭੂਚਾਲ ਦੇ ਕਈ ਝਟਕਿਆਂ ਤੋਂ ਬਾਅਦ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਅਜੇ ਵੀ ਨੁਕਸਾਨ ਦੀ ਜਾਂਚ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਸਕੂਲਾਂ ਅਤੇ ਆਫਿਸਾਂ ਦੀਆਂ ਇਮਾਰਤਾਂ ਨੂੰ ਬੰਦ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭੂਚਾਲ ਦੇ ਇਨ੍ਹਾਂ ਝਟਕਿਆਂ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਦੋ ਇਮਾਰਤਾਂ ਦੀ ਜਾਂਚ ਅਜੇ ਵੀ ਬਾਕੀ ਹੈ, ਜਿਨ੍ਹਾਂ ਵਿਚ ਰੋਜ਼ ਰਿਵਰ ਸਕੂਲ ਅਤੇ ਇਕ ਆਫਿਸ ਦੀ ਇਮਾਰਤ ਸ਼ਾਮਲ ਹੈ। ਐਮਰਜੈਂਸੀ ਵਿਭਾਗ ਦੀ ਬੁਲਾਰਣ ਆਯਸ਼ਾ ਨੇ ਕਿਹਾ ਹੈ ਕਿ ਨੁਕਸਾਨੀਆਂ ਗਈਆਂ ਇਮਾਰਤਾਂ ਦੀ ਮੁਰੰਮਤ ਕਿਵੇਂ ਕੀਤੀ ਜਾਵੇਗੀ, ਫਿਲਹਾਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰੋਜ਼ ਰਿਵਰ ਸਕੂਲ ਦੀ ਇਮਾਰਤ ਨੂੰ ਇਸ ਹਫਤੇ ਜਾਂਚ ਤੋਂ ਬਾਅਦ ਖੋਲ੍ਹ ਦਿੱਤਾ ਜਾਵੇਗਾ। 
ਇੱਥੇ ਦੱਸ ਦੇਈਏ ਕਿ ਸੋਮਵਾਰ ਸਵੇਰੇ ਕਰੀਬ 5.30 ਵਜੇ ਅਲਾਸਕਾ ਅਤੇ ਯੂਕੋਨ ਵਿਚ 6.2 ਦੀ ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 5.2 ਅਤੇ ਇਸ ਤੋਂ ਘੱਟ ਰਹੀ। ਦੋ ਘੰਟਿਆਂ ਬਾਅਦ ਹੀ ਲੋਕ ਇਕ ਵਾਰ ਫਿਰ ਕੰਬ ਗਏ, ਜਦੋਂ 6.3 ਤੀਬਰਤਾ ਦਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ। 

Kulvinder Mahi

News Editor

Related News