ਅਫਗਾਨਿਸਤਾਨ : ਸਕੂਲ ਬੰਬ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 50
Sunday, May 09, 2021 - 02:01 PM (IST)
ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਵਿਚ ਕੁੜੀਆਂ ਦੇ ਸਕੂਲ ਵਿਚ ਕੀਤੇ ਗਏ ਭਿਆਨਕ ਬੰਬ ਧਮਾਕੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 50 ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ 11 ਤੋਂ 15 ਸਾਲ ਦੀਆਂ ਕੁੜੀਆਂ ਹਨ। ਮੰਤਰਾਲੇ ਦੇ ਬੁਲਾਰੇ ਤਾਰਿਕ ਅਰਿਯਾਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਸ ਹਮਲੇ ਵਿਚ ਜ਼ਖਮੀਆਂ ਦੀ ਗਿਣਤੀ ਵੀ 100 ਦੇ ਪਾਰ ਹੋ ਗਈ ਹੈ।
ਉਹਨਾਂ ਨੇ ਦੱਸਿਆ ਕਿ ਸਕੂਲ ਦੀ ਛੁੱਟੀ ਹੋਣ ਮਗਰੋਂ ਵਿਦਿਆਰਥੀ ਜਦੋਂ ਬਾਹਰ ਨਿਕਲ ਰਹੇ ਸਨ ਉਦੋਂ ਸਕੂਲ ਦੇ ਮੁੱਖ ਦਰਵਾਜ਼ੇ ਦੇ ਬਾਹਰ ਤਿੰਨ ਧਮਾਕੇ ਹੋਏ। ਇਹ ਧਮਾਕੇ ਰਾਜਧਾਨੀ ਦੇ ਪੱਛਮ ਵਿਚ ਸਥਿਤ ਸ਼ੀਆ ਬਹੁਗਿਣਤੀ ਇਲਾਕੇ ਵਿਚ ਹੋਏ ਹਨ। ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਘਟਨਾ ਦੀ ਨਿੰਦਾ ਕੀਤੀ ਹੈ। ਅਰਿਯਾਨ ਨੇ ਦੱਸਿਆ ਕਿ ਪਹਿਲਾ ਧਮਾਕਾ ਵਿਸਫੋਟਕਾਂ ਨਾਲ ਲੱਦੀ ਇਕ ਗੱਡੀ ਜ਼ਰੀਏ ਕੀਤਾ ਗਿਆ, ਜਿਸ ਮਗਰੋਂ ਦੋ ਹੋਰ ਧਮਾਕੇ ਹੋਏ। ਨਾਲ ਹੀ ਉਹਨਾਂ ਨੇ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।
ਲਗਾਤਾਰ ਬੰਬ ਧਮਾਕਿਆਂ ਨਾਲ ਕੰਬੀ ਰਾਜਧਾਨੀ ਵਿਚ ਸ਼ਨੀਵਾਰ ਨੂੰ ਹੋਇਆ ਹਮਲਾ ਹੁਣ ਤੱਕ ਦਾ ਸਭ ਤੋਂ ਵੱਧ ਜਾਨਲੇਵਾ ਹਮਲਾ ਹੈ। ਅਮਰੀਕੀ ਅਤੇ ਨਾਟੋ ਬਲਾਂ ਦੀਆਂ ਆਖਰੀ ਟੁੱਕੜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ ਪ੍ਰਕਿਰਿਆ ਪੂਰੀ ਕਰਨ ਵਿਚ ਸੁਰੱਖਿਆ ਦੀ ਕਮੀ ਅਤੇ ਹੋਰ ਹਿੰਸਾ ਵੱਧਣ ਦੇ ਡਰ ਨੂੰ ਲੈ ਕੇ ਆਲੋਚਨਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਹਨਾਂ ਹਮਲਿਆਂ ਵਿਚ ਪੱਛਮੀ ਦਸ਼ਤ-ਏ-ਬਾਰਚੀ ਇਲਾਕੇ ਦੇ ਹਾਜਰਾ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਇਹ ਧਮਾਕੇ ਕੀਤੇ ਗਏ ਉੱਥੇ ਜ਼ਿਆਦਾਤਰ ਹਾਜਰਾ ਸ਼ੀਆ ਮੁਸਲਮਾਨ ਹਨ। ਇਹ ਇਲਾਕਾ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲਿਆਂ ਲਈ ਬਦਨਾਮ ਹੈ। ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਅਕਸਰ ਦੇਸ਼ ਵਿਚ ਕੰਮ ਕਰ ਰਹੇ ਇਸਲਾਮਿਕ ਸਟੇਟ ਸੰਬੰਧਤ ਸੰਗਠਨ ਲੈਂਦੇ ਹਨ। ਸ਼ਨੀਵਾਰ ਨੂੰ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਸਮੂਹ ਨੇ ਨਹੀਂ ਲਈ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ 'ਚ ਆਸਟ੍ਰੇਲੀਆਈ ਸ਼ਖਸ ਦੀ ਮੌਤ, ਧੀ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
ਕੱਟੜ ਸੁੰਨੀ ਮੁਸਲਿਮ ਸਮੂਹ ਨੇ ਅਫਗਾਨਿਸਤਾਨ ਦੇ ਸ਼ੀਆ ਮੁਸਲਿਮਾਂ ਦੇ ਖ਼ਿਲਾਫ਼ ਜੰਗ ਦੀ ਘੋਸ਼ਣਾ ਕੀਤੀ ਹੈ। ਇਸੇ ਇਲਾਕੇ ਵਿਚ ਪਿਛਲੇ ਸਾਲ ਮੈਟਰਨਿਟੀ ਹਸਪਤਾਲ ਵਿਚ ਹੋਏ ਬੇਰਹਿਮੀ ਹਮਲੇ ਲਈ ਅਮਰੀਕਾ ਨੇ ਆਈ.ਐੱਸ.ਆਈ.ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਵਿਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚੇ ਮਾਰੇ ਗਏ ਸਨ। ਸਿਹਤ ਮੰਤਰਾਲੇ ਦੇ ਬੁਲਾਰੇ ਗੁਲਾਮ ਦਸਤੀਗਾਰ ਨਜਾਰੀ ਨੇ ਕਿਹਾ ਕਿ ਬੰਬ ਧਮਾਕਿਆਂ ਦੇ ਬਾਅਦ ਗੁੱਸੇ ਵਿਚ ਆਈ ਭੀੜ ਨੇ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਸਿਹਤ ਕਰਮੀਆਂ 'ਤੇ ਵੀ ਹਮਲਾ ਕੀਤਾ ਜੋ ਜ਼ਖਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਵਸਨੀਕਾਂ ਤੋਂ ਸਹਿਯੋਗ ਕਰਨ ਅਤੇ ਐਂਬੂਲੈਂਸਾਂ ਨੂੰ ਘਟਨਾਸਥਲ 'ਤੇ ਜਾਣ ਦੇਣ ਦੀ ਅਪੀਲ ਕੀਤੀ।
ਸਈਦ ਅਲ ਸ਼ਾਹਦਾ ਸਕੂਲ ਦੇ ਬਾਹਰ ਖੂਨ ਨਾਲ ਲੱਥਪੱਥ ਸਕੂਲ ਬੈਗ ਅਤੇ ਕਿਤਾਬਾਂ ਖਿਲਰੀਆਂ ਪਈਆਂ ਸਨ। ਸਵੇਰੇ ਇਸ ਵਿਸ਼ਾਲ ਸਕੂਲ ਕੰਪਲੈਕਸ ਵਿਚ ਮੁੰਡੇ ਪੜ੍ਹਦੇ ਹਨ ਅਤੇ ਦੁਪਹਿਰ ਵੇਲੇ ਕੁੜੀਆਂ ਦੀਆਂ ਕਲਾਸਾਂ ਲੱਗਦੀਆਂ ਹਨ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਧਮਾਕੇ ਬੋਲਾ ਕਰ ਦੇਣ ਵਾਲੇ ਸਨ। ਨਾਸਿਰ ਰਾਹਿਮੀ ਨੇ ਦੱਸਿਆ ਕਿ ਉਹਨਾਂ ਨੇ ਤਿੰਨ ਵੱਖ-ਵੱਖ ਧਮਾਕੇ ਸੁਣੇ ਅਤੇ ਤੁਰੰਤ ਸੋਚ ਲਿਆ ਕਿ ਧਮਾਕੇ ਇੰਨੇ ਭਿਆਨਕ ਹਨ ਕਿ ਮ੍ਰਿਤਕਾਂ ਦੀ ਗਿਣਤੀ ਨਿਸ਼ਚਿਤ ਤੌਰ 'ਤੇ ਰਹੇਗੀ।