ਟਰੂਡੋ ਨੇ ਸਾਊਦੀ ਬਲਾਗਰ ਦੀ ਰਿਹਾਈ ਲਈ ਫਿਰ ਕੀਤੀ ਅਪੀਲ

01/19/2019 12:33:25 PM

ਓਟਾਵਾ(ਏਜੰਸੀ)—  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਊਦੀ ਅਰਬ ਅੱਗੇ ਇਕ ਵਾਰ ਫਿਰ ਸਾਊਦੀ ਬਲਾਗਰ ਦੀ ਰਿਹਾਈ ਲਈ ਅਪੀਲ ਕੀਤੀ ਹੈ। ਸਾਊਦੀ ਬਲਾਗਰ ਰੈਫ ਬਦਾਵੀ ਦੀ ਰਿਹਾਈ ਨੂੰ ਆਪਣੀ ਅਤੇ ਕੈਨੇਡਾ ਦੀ ਪਹਿਲ (ਪ੍ਰੀਓਰਿਟੀ) ਦੱਸਦੇ ਹੋਏ ਟਰੂਡੋ ਨੇ ਕਿਹਾ ਕਿ ਉਹ ਬਦਾਵੀ ਦੀ ਰਿਹਾਈ ਦੀ ਮੰਗ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕੈਨੇਡਾ ਦੇ ਲੋਕਾਂ ਦੀ ਨਜ਼ਰ 'ਚ ਸਾਊਦੀ ਅਰਬ ਦੀ ਪਛਾਣ ਬਦਾਵੀ ਨਾਲ ਉਸ ਦੇ ਵਿਵਹਾਰ ਤੋਂ ਬਣੀ ਹੈ। ਬਦਾਵੀ ਨੂੰ ਇਸਲਾਮ ਦਾ ਅਪਮਾਨ ਕਰਨ ਦੇ ਦੋਸ਼ 'ਚ 10 ਸਾਲ ਜੇਲ ਅਤੇ 1,000 ਹੰਟਰ ਮਾਰੇ ਜਾਣ ਦੀ ਸਜ਼ਾ ਸੁਣਾਈ ਗਈ ਹੈ।

PunjabKesari
ਹੁਣ ਤਕ ਉਸ ਨੂੰ 50 ਹੰਟਰ ਮਾਰੇ ਜਾ ਚੁੱਕੇ ਹਨ। ਬਦਾਵੀ ਦੇ ਜੇਲ ਜਾਣ ਦੇ ਇਕ ਸਾਲ ਬਾਅਦ 2013 ਤੋਂ ਹੀ ਉਸ ਦੀ ਪਤਨੀ ਅਤੇ ਬੱਚੇ ਕੈਨੇਡਾ 'ਚ ਰਹਿ ਰਹੇ ਹਨ। ਪੂਰੇ ਪਰਿਵਾਰ ਨੂੰ ਕੈਨੇਡਾ 'ਚ ਕਾਨੂੰਨੀ ਤੌਰ 'ਤੇ ਸ਼ਰਣ ਮਿਲੀ ਹੋਈ ਹੈ। ਉਨ੍ਹਾਂ ਜੇਲ 'ਚ ਬੰਦ ਬਲਾਗਰ ਦੀ ਪਤਨੀ ਨੂੰ ਮਿਲ ਕੇ ਸਾਊਦੀ ਅਰਬ ਅੱਗੇ ਇਹ ਅਪੀਲ ਕੀਤੀ।
ਟਰੂਡੋ ਨੇ ਕਿਹਾ,''ਰੈਫ ਦੀ ਰਿਹਾਈ ਨਾ ਸਿਰਫ ਮੇਰੇ ਲਈ ਸਗੋਂ ਕੈਨੇਡਾ ਦੇ ਸਾਰੇ ਲੋਕਾਂ ਲਈ ਬਹੁਤ ਖਾਸ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਊਦੀ ਅਰਬ ਨੂੰ ਇਸ ਸਬੰਧ 'ਚ ਸਮਝਾਉਣਾ ਜਾਰੀ ਰੱਖਾਂਗੇ ਅਤੇ ਰੈਫ ਬਦਾਵੀ ਦੀ ਰਿਹਾਈ ਲਈ ਪ੍ਰਤੱਖ ਅਤੇ ਅਪ੍ਰਤੱਖ ਤਰੀਕੇ ਨਾਲ ਦਬਾਅ ਬਣਾਉਂਦੇ ਰਹਾਂਗੇ। ਅਸੀਂ ਉਨ੍ਹਾਂ ਨੂੰ ਮੁਆਫੀ ਦੇਣ ਦੀ ਅਪੀਲ ਕਰਦੇ ਰਹਾਂਗੇ।'' ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਦਸੰਬਰ 2018 ਦੀ ਸ਼ੁਰੂਆਤ 'ਚ 'ਬਿਊਨਸ ਆਇਰਜ਼ ਜੀ-20 ਸੰਮੇਲਨ' ਤੋਂ ਇਲਾਵਾ ਮੁਲਾਕਾਤ ਹੋਈ ਸੀ।


Related News